ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ ਹੈ। ਗੁਰੂ ਨਾਨਕ ਸਟੇਡੀਅਮ ਵਿਖੇ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਪੰਥ ਦੇ ਨਾਂ ਸੰਦੇਸ਼ ਦਿੰਦਿਆਂ ਸਿੱਖ ਪੰਥ ਦੇ ਅਜੋਕੇ ਹਾਲਾਤ, ਵਿਸ਼ਵ ਸਰੋਕਾਰਾਂ ਤੇ ਵਿਸ਼ਵ ਪ੍ਰਸੰਗ ਵਿੱਚ ਸਿੱਖ ਫਲਸਫੇ ਦੀ ਅਹਿਮੀਅਤ ਨੂੰ ਉਭਾਰਿਆ। ਉਨ੍ਹਾਂ ਨੇ ਆਪਣੇ ਸੰਦੇਸ਼ ਦੀ ਸ਼ੁਰੂਆਤ 550 ਸਾਲਾ ਪ੍ਰਕਾਸ਼ ਪੁਰਬ ਦੇ ਮੁਬਾਰਕ ਮੌਕੇ 'ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲ਼ਾਂਘਾ ਖੁੱਲ੍ਹਣ 'ਤੇ ਖੁਸ਼ੀ ਦੇ ਪ੍ਰਗਟਾਵੇ ਨਾਲ ਕਰਦਿਆਂ ਪਿਛਲੇ ਸਾਢੇ ਪੰਜ ਸੌ ਸਾਲਾਂ ਦੌਰਾਨ ਸਿੱਖ ਪੰਥ ਦੇ ਇਤਿਹਾਸਕ ਸਫ਼ਰ ਤੇ ਮੌਜੂਦਾ ਦਸ਼ਾ ਦੇ ਮੱਦੇਨਜ਼ਰ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਆਪਣੇ ਭਵਿੱਖ ਬਾਰੇ ਸੇਧ ਲੈਣ ਲਈ ਅਰਧ ਸ਼ਤਾਬਦੀ ਪੁਰਬ ਨੂੰ ਪ੍ਰੇਰਣਾ ਵਜੋਂ ਲੈਣਾ ਚਾਹੀਦਾ ਹੈ। ਸਿੰਘ ਸਾਹਿਬ ਨੇ ਆਪਣੇ ਸੰਦੇਸ਼ 'ਚ ਅਜੋਕੇ ਸੰਸਾਰ ਹਾਲਾਤ ਦੀ ਗੱਲ ਕਰਦਿਆਂ ਕਿਹਾ ਕਿ ਅੱਜ ਮਨੁੱਖੀ ਜੀਵਨ ਵਿੱਚ ਵਿਗਾਸ ਦੀ ਥਾਂ ਵਿਨਾਸ਼ ਭਾਰੂ ਹੁੰਦਾ ਜਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਕੁਦਰਤ ਦਾ ਵਿਗੜਦਾ ਸੰਤੁਲਨ, ਹਉਮੈਵਾਦੀ ਨਿਜ਼ਾਮ, ਵਪਾਰਕ ਜੰਗ, ਪਦਾਰਥਕ ਪਸਾਰਾ, ਸੱਭਿਆਚਾਰਾਂ ਦਾ ਦਮਨ, ਵਿਸ਼ਵ ਆਰਥਿਕ ਮੰਦੀ ਤੇ ਆਲਮੀ ਪ੍ਰਮਾਣੂ ਜੰਗ ਵਰਗੇ ਹਾਲਾਤ ਮਨੁੱਖਤਾ ਨੂੰ ਦਰਪੇਸ਼ ਹਨ।
ਉਨ੍ਹਾਂ ਨੇ ਵਿਆਪਕ ਪ੍ਰਸੰਗ ਵਿਚ ਗੱਲ ਕਰਦਿਆਂ ਕਿਹਾ ਕਿ ਸਿਰਫ ਸਿੱਖ ਕੌਮ ਹੀ ਨਹੀਂ ਅੱਜ ਸਮੁੱਚੇ ਸੰਸਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਜੀਵਨ ਮਾਰਗ ਦੀ ਤਾਂਘ ਹੈ। ਸਿੰਘ ਸਾਹਿਬ ਨੇ ਜਾਤ-ਪਾਤ, ਊਚ-ਨੀਚ, ਇਸਤਰੀ ਨਾਲ ਵਿਤਕਰਾ ਤੇ ਆਲਮੀ ਤਪਸ਼ ਵਰਗੇ ਮਨੁੱਖਤਾ ਨੂੰ ਦਰਪੇਸ਼ ਸੰਕਟਾਂ ਦੇ ਹੱਲ ਲਈ ਗੁਰਮਤਿ ਦੇ ਫਲਸਫੇ ਨੂੰ ਨਵੀਆਂ ਅੰਤਰਦ੍ਰਿਸ਼ਟੀਆਂ ਤੋਂ ਖੋਲ੍ਹਣ ਦੀ ਲੋੜ ਦੱਸੀ। ਉਨ੍ਹਾਂ ਪੰਜਾਬੀਆਂ ਵਿੱਚ ਮਾਂ ਬੋਲੀ ਪ੍ਰਤੀ ਬੇਮੁਖਤਾਈ ਦੇ ਰੁਝਾਨ ਬਾਰੇ ਚਿੰਤਾ ਪ੍ਰਗਟ ਕਰਦਿਆਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਹਰ ਪੰਜਾਬੀ ਆਪਣੇ ਘਰ ਨੂੰ ਪੰਜਾਬੀ ਬੋਲੀ ਦੀ ਟਕਸਾਲ ਬਣਾਵੇ।
ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਾਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕੱਤਰ ਹੋ ਕੇ ਸਾਂਝੀਵਾਲਤਾ 'ਤੇ ਅਧਾਰਤਿ ਪਵਿੱਤਰ ਨਿਯਮਾਂ ਵਾਲਾ ਇੱਕ ਅਜਿਹਾ ਰਾਜਨੀਤਕ ਤੇ ਸਮਾਜਿਕ ਪ੍ਰਬੰਧ ਸਾਹਮਣੇ ਲਿਆਉਣ ਦੀ ਲੋੜ ਵੀ ਦੱਸੀ, ਜਿਸ ਤੋਂ ਸਮੁੱਚਾ ਵਿਸ਼ਵ ਭਾਈਚਾਰਾ ਤੇ ਦੇਸ਼ ਅਗਵਾਈ ਹਾਸਲ ਕਰ ਸਕਣ।
550ਵੇਂ ਪ੍ਰਕਾਸ਼ ਪੁਰਬ ਮੌਕੇ ਕੌਮ ਦੇ ਨਾਂ ਸੰਦੇਸ਼
ਏਬੀਪੀ ਸਾਂਝਾ
Updated at:
12 Nov 2019 12:54 PM (IST)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ? ਉਨ੍ਹਾਂ ਕਿਹਾ ਕਿ ਅੱਜ ਬਾਬੇ ਨਾਨਕ ਦੀਆ ਸਿੱਖਿਆਵਾ ਤੋਂ ਸੇਧ ਲੈਣ ਦੀ ਲੋੜ ਹੈ। ਅੱਜ ਕੁਦਰਤ ਦਾ ਵਿਗੜਦਾ ਸੰਤੁਲਨ ਇਨਸਾਨੀ ਸੁਭਾਅ ਦਾ ਬਦਲਦਾ ਸਰੂਪ ਵੀ ਚਿੰਤਾ ਦਾ ਵਿਸ਼ਾ ਹੈ।
- - - - - - - - - Advertisement - - - - - - - - -