ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਪੁੱਜਦੀਆਂ ਹਨ। ਸੰਗਤਾਂ ਸਮੇਂ ਸਮੇਂ ’ਤੇ ਆਪਣੇ ਵਿੱਤ ਅਨੁਸਾਰ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਹਨ। ਇਸੇ ਤਹਿਤ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਦੇ ਸ਼ਰਧਾਲੂ ਬੀਬੀ ਸੁਰਜੀਤ ਕੌਰ ਅਰੋੜਾ ਨੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਸਮੇਂ ਬਾਰ੍ਹਾਂ ਸੋ ਬਾਰ੍ਹਾਂ ਗ੍ਰਾਮ ਸੋਨੇ ਦਾ ਹਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ। ਇਸ ਹਾਰ ਦੀ ਕੀਮਤ ਤਕਰੀਬਨ 41 ਲੱਖ ਰੁਪਏ ਹੈ। ਇਸ ਮੌਕੇ ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੀ ਸੋਭਾ ਤੇ ਮਹੱਤਤਾ ਬਹੁਤ ਵੱਡੀ ਹੈ। ਇੱਥੋਂ ਸਮੁੱਚੀ ਮਾਨਵਤਾ ਨੂੰ ਅਨੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ। ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਅਸੀਂ ਇੱਥੇ ਪੁੱਜੇ ਹਾਂ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਬੀਬੀ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਛੱਬੇ, ਝਾਲਰਾਂ, ਦਰਸ਼ਨੀ ਡਿਊੜੀ ਦੇ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨਿ ਸਵਾਰਿਆ, ਡਿਠੇ ਸਭੇ ਥਾਵ ਨਹੀ ਤੁਧੁ ਸੇਵਿਆ’ ਸੁਨਹਿਰੀ ਪੱਤਰਿਆਂ ਉਪਰ ਉਕਰੀਆਂ ਪੰਕਤੀਆਂ ਵੀ ਗੁਰੂ ਘਰ ਵਿਚ ਭੇਟ ਕੀਤੀਆਂ ਹਨ। ਇਸ ਤੋਂ ਇਲਾਵਾ ਹੁਕਮਨਾਮਾ ਵਾਲਾ ਬੋਰਡ ਚਾਂਦੀ ’ਚ ਬਣਾਇਆ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬੀਬੀ ਸੁਰਜੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ।