ਯਾਦਵਿੰਦਰ ਸਿੰਘ
ਚੰਡੀਗੜ੍ਹ: ਨਸ਼ਿਆਂ 'ਤੇ ਬਣੀ STF ਦੇ ਮੁਖੀ ਤੇ ADGP ਹਰਪ੍ਰੀਤ ਸਿੰਘ ਸਿੱਧੂ ਮੁੜ ਐਸਟੀਐਫ ਦਾ ਆਜ਼ਾਦ ਚਾਰਜ ਮਿਲੇਗਾ। ਪੰਜਾਬ ਸਰਕਾਰ ਦੇ ਸੀਨੀਅਰ ਅਫ਼ਸਰ ਨੇ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਇਹ ਵੱਡਾ ਦਾਅਵਾ ਕੀਤਾ ਹੈ। ਸਿੱਧੂ ਓਹੀ ਅਫ਼ਸਰ ਹਨ ਜਿਨ੍ਹਾਂ ਦੀ ਨਸ਼ਿਆਂ ਬਾਰੇ ਰਿਪੋਰਟ 'ਚ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਦਾ ਨਾਂ ਆਇਆ ਹੈ। ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਤੋਂ ਆਜ਼ਾਦ ਚਾਰਜ਼ ਖੋਹਿਆ ਸੀ।
ਦੱਸਣਯੋਗ ਹੈ ਸਿੱਧੂ ਪਹਿਲਾਂ ਆਜ਼ਾਦ ਹੀ ਕੰਮ ਕਰਦੇ ਸੀ ਪਰ ਪਿੱਛੇ ਸਮੇਂ ਉਨ੍ਹਾਂ ਨੂੰ ਡੀਜੀਪੀ ਸੁਰੇਸ਼ ਅਰੋੜਾ ਦੀ ਕਮਾਨ ਹੇਠ ਕਰ ਦਿੱਤਾ ਗਿਆ ਸੀ। ਉਨ੍ਹਾਂ ਤੋਂ ਬਾਰਡਰ ਰੇਂਜ ਦਾ ਚਾਰਜ ਵੀ ਵਾਪਸ ਲਿਆ ਗਿਆ ਸੀ। ਉੱਚ ਅਫ਼ਸਰ ਮੁਤਾਬਕ ਸਿੱਧੂ ਨੂੰ ਹੋਰ ਵਧੀਕ ਚਾਰਜ ਵੀ ਮਿਲ ਸਕਦੇ ਹਨ ਤੇ ਉਨ੍ਹਾਂ ਨੂੰ ਨਸ਼ੇ ਖਿਲਾਫ ਮੁਹਿੰਮ ਵਿੱਚ ਪੂਰੀ ਹਮਾਇਤ ਮਿਲੇਗੀ। ਇਸ ਅਫ਼ਸਰ ਦੀ ਮੰਨੀਏ ਤਾਂ ਸਿੱਧੂ ਨੇ ਨਸ਼ਿਆਂ ਖ਼ਿਲਾਫ਼ ਬੇਹੱਦ ਇਮਾਨਦਾਰੀ ਨਾਲ ਕੰਮ ਕੀਤਾ ਹੈ। ਅਜਿਹੇ ਅਫ਼ਸਰ ਨੂੰ ਸਰਕਾਰ ਪੂਰੀ ਤਵੱਜੋ ਦੇਵੇਗੀ।
ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿੱਧੂ ਨੂੰ ਖੂੰਜੇ ਲਾਉਣ ਦੀ ਕੋਸ਼ਿਸ਼ ਨਹੀਂ ਹੋਈ ਬਲਕਿ STF ਦੀ ਨਵੇਂ ਸਿਰਿਓਂ ਕਾਇਆ ਕਲਪ ਕਰਨ ਲਈ ਸਭ ਕੁਝ ਹੋਇਆ। ਸੂਤਰ ਦੱਸਦੇ ਹਨ ਕਿ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਦਿਨਕਾਰ ਗੁਪਤਾ ਨਾਲ ਸਿੱਧੂ ਦਾ ਛੱਤੀ ਦਾ ਅੰਕੜਾ ਹੈ ਤੇ ਇਹ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਸੂਤਰਾਂ ਮੁਤਾਬਕ ਮੁੱਖ ਮੰਤਰੀ ਵੱਲੋਂ ਸਿੱਧੂ ਨੂੰ ਆਜ਼ਾਦ ਚਾਰਜ ਦੇਣ ਬਾਅਦ ਹੀ ਦੋਵੇਂ ਡੀਜੀਪੀ ਦੁਖੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਬਰਾਬਰ ਨਵਾਂ ਸ਼ਰੀਕ ਖੜ੍ਹਾ ਕਰ ਦਿੱਤਾ ਹੈ।