Punjab News: ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਵਿੱਚ ਡਰੇਨਾਂ ਦੀ ਸਫਾਈ ਦੀ ਸਖਤੀ ਨਾਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਕਿਹਾ ਕਿ ਪੰਜਾਬ ਵਿੱਚ ਪਿਛਲੀ ਵਰ੍ਹੇ 2 ਵਾਰ ਹੜ੍ਹ ਆਏ, ਜਿਸ ਨਾਲ 2 ਲੱਖ ਏਕੜ ਫਸਲ ਦਾ ਨੁਕਸਾਨ ਹੋਇਆ, ਜਿਸ ਦੀ ਮਾਰ ਹੇਠ 21 ਜ਼ਿਲ੍ਹੇ ਆ ਗਏ ਸਨ। ਉਨ੍ਹਾਂ ਇਸ ਮੌਕੇ ਜਲ ਸ਼ਕਤੀ ਮੰਤਰੀ ਸੀ, ਆਰ ਪਾਟਿਲ ਤੋਂ ਸਵਾਲ ਪੁੱਛਿਆ ਕਿ ਹੜ੍ਹਾਂ ਦੇ ਮੁਆਵਜ਼ੇ ਵਜੋਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਨੂੰ ਫੰਡ ਜਾਰੀ ਕੀਤੇ ਗਏ ਹਨ ਜਦੋਂ ਕਿ ਪੰਜਾਬ ਵਿੱਚ ਭਾਰੀ ਨੁਕਸਾਨ ਹੋਣ ਤੋਂ ਬਾਅਦ ਵੀ ਇਸ ਨੂੰ ਅਣਗੌਲਿਆ ਕੀਤਾ ਗਿਆ ਹੈ।
ਬਾਦਲ ਨੇ ਦੂਜਾ ਸਵਾਲ ਪੁੱਛਿਆ ਕਿ ਡਰੇਨਾਂ ਦੀ ਸਫਾਈ ਦੇ ਨਾਂਅ ਉੱਤੇ ਬਹੁਤ ਵੱਡਾ ਘਪਲਾ ਹੁੰਦਾ ਹੈ ਕਿਉਂਕਿ ਡਰੇਨਾਂ ਦੀ ਸਫ਼ਾਈ ਅਸਲੀਅਤ ਦੀ ਬਜਾਏ ਕਾਗ਼ਜ਼ਾਂ ਉੱਤੇ ਕੀਤੀ ਜਾਂਦੀ ਹੈ, ਕੀ ਇਸ ਦੀ ਜਾਂਚ ਡਿਜਟੀਲ ਤਰੀਕੇ ਨਾਲ ਜਾਂ ਫਿਰ ਪੰਚਾਇਤਾਂ ਨਾਲ ਕਮੇਟੀਆਂ ਬਣਾ ਕੇ ਕੀਤੀ ਜਾ ਸਕਦੀ ਹੈ।
ਬਾਦਲ ਨੇ ਕਿਹਾ ਕਿ ਹਰ ਵਾਰ ਘੱਗਰ ਬਹੁਤ ਮਾਰ ਕਰਦਾ ਹੈ, ਘੱਗਰ ਦਾ ਬੰਨ੍ਹ ਹਰਿਆਣਾ ਵਿੱਚ ਹੈ ਜਦੋਂ ਇਹ ਖਤਰੇ ਵਿੱਚ ਹੁੰਦਾ ਹੈ ਤਾਂ ਹਰਿਆਣਾ ਸਰਕਾਰ ਪੰਜਾਬੀਆਂ ਨੂੰ ਉਸ ਨੂੰ ਮਜਬੂਤ ਕਰਨ ਲਈ ਇਜਾਜ਼ਤ ਨਹੀਂ ਦਿੰਦੀ ਜਿਸ ਕਰਕੇ ਪਾੜ ਪੈ ਜਾਣ ਤੋਂ ਬਾਅਦ ਫਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਬਾਦਲ ਨੇ ਕਿਹਾ ਕਿ ਜੋ ਪੈਸੇ ਦਿੱਤੇ ਜਾਂਦੇ ਹਨ ਕਿ ਉਸ ਦੀ ਕੋਈ ਜਾਂਚ ਹੁੰਦੀ ਹੈ ਕਿ ਅਸਲ ਵਿੱਚ ਕੰਮ ਹੋਇਆ ਹੈ ਜਾਂ ਨਹੀਂ ?
ਬਾਦਲ ਨੇ ਕਿਹਾ ਕਿ ਪਿਛਲੇ ਵਰ੍ਹੇ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋਇਆ, ਕੇਂਦਰ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਨੂੰ ਤਾਂ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਪਰ ਪੰਜਾਬ ਨੂੰ ਕੋਈ ਮੁਆਵਜ਼ਾ ਨਹੀੰ ਦਿੱਤਾ ਗਿਆ, ਪੰਜਾਬ ਨਾਲ ਇਹ ਵਿਤਕਰਾ ਕਿਉਂ ?
ਦੂਸਰੀ ਮੰਗ ਪੰਜਾਬ ਦੀਆਂ ਡਰੇਨਾਂ ਦੀ ਸਫਾਈ ਦੀ ਜਾਂਚ ਨੂੰ ਲੈ ਕੇ ਹੈ, ਕਿਉਂਕਿ ਸੂਬੇ ਦੇ ਮੰਤਰੀਆਂ ਵੱਲੋਂ ਘਪਲੇ ਕਰਕੇ ਸਫਾਈ ਕੇਵਲ ਕਾਗਜ਼ਾਂ ‘ਚ ਦਿਖਾ ਦਿੱਤੀ ਜਾਂਦੀ ਹੈ ਪਰ ਅਸਲ ਵਿੱਚ ਸਫਾਈ ਹੁੰਦੀ ਨਹੀਂ, ਜੋ ਅੱਗੇ ਜਾ ਕੇ ਹੜ੍ਹਾਂ ਦਾ ਕਾਰਨ ਬਣਦੀ ਹੈ, ਸੋ ਮੈਂ ਮੰਗ ਕਰਦੀ ਹਾਂ ਕਿ ਇਸ ਦੀ ਸਖ਼ਤ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਇਆ ਜਾ ਸਕੇ ।