Farmer Protest: ਪੰਜਾਬ-ਹਰਿਆਣਾ ਸਰਹੱਦ 'ਤੇ ਪਿਛਲੇ 9 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨ ਅੱਜ ਦੁਪਹਿਰ 1 ਵਜੇ ਦਿੱਲੀ ਵੱਲ ਮਾਰਚ ਕਰਨਗੇ। ਹਰਿਆਣਾ ਸਰਕਾਰ ਨੇ ਐਮਐਸਪੀ, ਕਰਜ਼ਾ ਮੁਆਫੀ ਅਤੇ ਪੈਨਸ਼ਨ ਵਰਗੀਆਂ ਆਪਣੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਇਸ ਨੂੰ ਲੈ ਕੇ ਹਰਿਆਣਾ ਦੇ ਮੰਤਰੀ ਅਨਿਲ ਵਿੱਜ ਨੇ ਕਿਹਾ- ਕੀ ਕਿਸਾਨਾਂ ਨੇ ਇਜਾਜ਼ਤ ਲਈ ਹੈ, ਬਿਨ੍ਹਾਂ ਇਜਾਜ਼ਤ ਲਏ ਉਨ੍ਹਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਸਕਦਾ, ਤੁਸੀਂ ਉੱਥੇ ਪ੍ਰਦਰਸ਼ਨ ਕਰਨ ਲਈ ਜਾ ਰਹੇ ਹੋ ਤਾਂ ਤੁਹਾਨੂੰ ਮਨਜ਼ੂਰੀ ਲੈਣੀ ਪਵੇਗੀ।
ਦੱਸ ਦਈਏ ਕਿ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਹੈ। ਪੁਲ ਦੇ ਉੱਪਰ ਤੇ ਹੇਠਾਂ ਕਰੀਬ 500 ਜਵਾਨ ਤਾਇਨਾਤ ਹਨ। ਇਸ ਦੇ ਨਾਲ ਹੀ ਇੱਥੇ ਵਾਟਰ ਕੈਨਨ ਗੱਡੀ, ਪੁਲਿਸ ਬੱਸ ਤੇ ਐਂਬੂਲੈਂਸ ਖੜ੍ਹੀ ਕੀਤੀ ਗਈ ਹੈ। ਪੁਲਿਸ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਹੈ।
ਇਸ ਦੌਰਾਨ ਜੀਂਦ ਜ਼ਿਲ੍ਹੇ ਦੇ ਨਰਵਾਣਾ ਦੇ ਐਸਡੀਐਮ ਦਲਜੀਤ ਸਿੰਘ ਨੇ ਦੱਸਿਆ ਕਿ ਮੈਨੂੰ ਦਾਤਾ ਸਿੰਘ ਸਰਹੱਦ (ਖਨੌਰੀ ਸਰਹੱਦ) ਵਿਖੇ ਡਿਊਟੀ ਮੈਜਿਸਟਰੇਟ ਵਜੋਂ ਨਿਯੁਕਤ ਕੀਤਾ ਗਿਆ ਹੈ। ਇੱਥੇ ਧਾਰਾ 163 ਲਾਗੂ ਕਰ ਦਿੱਤੀ ਗਈ ਹੈ। ਇਸ ਵਿੱਚ ਪਾਬੰਦੀਆਂ ਦੀ ਪਾਲਣਾ ਕਰਨਾ ਸਾਡਾ ਕੰਮ ਹੈ। 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਤੇ ਨਾ ਹੀ ਕੋਈ ਜਲੂਸ ਕੱਢਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਗੜ੍ਹੀ ਥਾਣੇ ਅਧੀਨ ਪੈਂਦੀਆਂ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਇਹ ਦੁਕਾਨਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ। ਇਸ ਦਾ ਇੱਕੋ ਇੱਕ ਮਕਸਦ ਅਰਾਜਕਤਾ ਨੂੰ ਫੈਲਣ ਤੋਂ ਰੋਕਣਾ ਹੈ।
ਐਸਡੀਐਮ ਨੇ ਦੱਸਿਆ ਕਿ ਐਸਪੀ ਅਤੇ ਡੀਸੀ ਇਸ ’ਤੇ ਨਜ਼ਰ ਰੱਖ ਰਹੇ ਹਨ। ਇੱਥੇ 13 ਕੰਪਨੀਆਂ ਤਾਇਨਾਤ ਹਨ। 4 ਰੈਪਿਡ ਐਕਸ਼ਨ ਫੋਰਸ, 3 ਆਈਆਰਬੀ ਤੇ ਦੁਰਗਾ ਸ਼ਕਤੀ ਟੀਮ ਦੇ ਨਾਲ ਸਥਾਨਕ ਪੁਲਿਸ ਤਾਇਨਾਤ ਹੈ। ਸੋਸ਼ਲ ਮੀਡੀਆ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾਵੇਗਾ
ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਹਰਿਆਣਾ ਦੀ ਗ੍ਰਹਿ ਸਕੱਤਰ ਸੁਮਿਤਾ ਮਿਸ਼ਰਾ ਨੇ ਪੰਜਾਬ-ਹਰਿਆਣਾ ਸਰਹੱਦ ਨਾਲ ਲੱਗਦੇ ਅੰਬਾਲਾ ਦੇ 11 ਪਿੰਡਾਂ ਵਿੱਚ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਹਨ।