Farmer Protest: ਖਨੌਰੀ ਬਾਰਡਰ ਉਪਰ ਸੁਰੱਖਿਆ ਬਲਾਂ ਵੱਲੋਂ ਕੀਤੇ ਅੰਨ੍ਹੇਵਾਹ ਬਲ ਪ੍ਰਯੋਗ ਨਾਲ 167 ਕਿਸਾਨ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ। ਇਸ ਮੌਕੇ ਕਿਸਾਨਾਂ ਵੱਲੋਂ ਕਈ ਸਾਥੀਆਂ ਦੇ ਅਗਵਾ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ। ਇਸ ਦੌਰਾਨ ਪ੍ਰਿਤਪਾਲ ਸਿੰਘ ਨਾਂਅ ਦੇ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਜ਼ਖ਼ਮੀ ਹਾਲਤ ਵਿੱਚ ਰੋਹਤਕ ਦੀ ਪੀਜੀਆਈ ਵਿੱਚ ਦਾਖ਼ਲ ਹੈ।


ਇਸ ਦੀ ਵੀਡੀਓ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ  ਭਗਵੰਤ ਨੂੰ ਜੇ ਥੋੜੀ ਜਿਹੀ ਵੀ ਸ਼ਰਮ ਹੈ ਇਨਸਾਨੀਅਤ ਹੈ ਤਾਂ ਟਾਊਟੀ ਛੱਡ ਨੌਜਵਾਨਾਂ ਦੇ ਹੱਕ ਚ ਆਵੇ। ਕੱਲ ਵੀ ਕਿਹਾ ਸੀ ਕਿ ਕੁਝ 8 ਤੋਂ 10 ਨੌਜਵਾਨਾਂ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ ਜਿਨਾਂ ਦਾ ਪਤਾ ਨਹੀ ਲੱਗ ਰਿਹਾ। ਉਨ੍ਹਾਂ ਚੋਂ ਇੱਕ ਹੈ ਪ੍ਰਿਤਪਾਲ ਸਿੰਘ ਜਿਸਨੂੰ ਕਿਡਨੈਪ ਕਰ ਹਰਿਆਣਾ ਪੁਲਿਸ ਵੱਲੋਂ ਬਹੁਤ ਤਸ਼ਦੱਤ ਕੀਤੇ ਗਏ! 






ਮਜੀਠੀਆ ਨੇ ਦਾਅਵਾ ਕੀਤਾ ਕਿ ਪ੍ਰਿਤਪਾਲ ਸਿੰਘ ਨੂੰ ਬੋਰੀ ਚ ਪਾਕੇ ਬਹੁਤ ਬੇਰਹਿਮੀ ਨਾਲ ਕੁੱਟਿਆ ਗਿਆ ਇਨਸਾਨੀਅਤ ਦਾ ਘਾਣ ਕੀਤਾ ਗਿਆ। ਜੋ ਇਸ ਸਮੇਂ ਪੀਜੀਆਈ ਰੋਹਤਕ ਵਿੱਚ ਜੇਰੇ ਇਲਾਜ ਹੈ। 1984 ਵਾਂਗ ਇਹ ਫੋਰਸਾਂ ਨੌਜਵਾਨਾਂ ਨੂੰ ਕਿਡਨੈਪ ਕਰਕੇ ਉਹਨਾਂ ਤੇ ਭਾਰੀ ਜ਼ੁਲਮ ਕਰ ਰਹੀਆਂ ਹਨ। ਪ੍ਰਿਤਪਾਲ ਸਿੰਘ ਤੇ ਝੂਠਾ 307 ਦਾ ਪਰਚਾ ਵੀ ਦਰਜ ਕੀਤਾ ਗਿਆ ਜੋ ਸਰਾਸਰ ਧੱਕਾ ਹੈ। 


ਮਜੀਠੀਆ ਨੇ ਕਿਹਾ ਕਿ ਮੈ ਮੰਗ ਕਰਦਾ ਹਾਂ ਕੇ ਪ੍ਰਿਤਪਾਲ ਦਾ ਝੂਠਾ ਪਰਚਾ ਰੱਦ ਕਰਕੇ ਹਰਿਆਣਾ ਪੁਲਿਸ ਤੇ ਪਰਚਾ ਦਰਜ ਕੀਤਾ ਜਾਵੇ ਜਿਨ੍ਹਾਂ ਨੇ ਸਾਰੇ ਨੌਜਵਾਨਾਂ ਦਾ ਇਹ ਹਾਲ ਕੀਤਾ ਹੈ ਅਤੇ ਪ੍ਰਿਤਪਾਲ ਸਿੰਘ ਨੂੰ ਜਲਦੀ ਪੰਜਾਬ ਦੇ ਹਸਪਤਾਲ 'ਚ ਭੇਜਿਆ ਜਾਵੇ। ਬਾਕੀ ਨੌਜਵਾਨਾਂ ਬਾਰੇ ਵੀ ਦੱਸਿਆ ਜਾਵੇ ਕਿ ਉਹ ਇਸ ਵਕਤ ਕਿੱਥੇ ਹਨ