Sidhu Moosewala's Birthday: ਪੰਜਾਬੀ ਮਿਊਜ਼ਿਕ ਜਗਤ ਦਾ ਚਮਕਦੇ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। 29 ਸਾਲ ਦੀ ਉਮਰ ਦੇ ਵਿੱਚ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਰ ਅੱਜ ਵੀ ਉਹ ਆਪਣੇ ਫੈਨਜ਼ ਦੇ ਦਿਲਾਂ ਦੇ ਵਿੱਚ ਜ਼ਿੰਦਾ ਹੈ। ਜਿਸ ਕਰਕੇ ਸਿੱਧੂ ਦੇ ਫੈਨਜ਼ ਬਹੁਤ ਹੀ ਪਿਆਰ ਦੇ ਨਾਲ ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾ ਰਹੇ ਹਨ। ਅਜਿਹੇ ਦੇ ਵਿੱਚ ਸਿੱਧੂ ਦੇ ਪਰਿਵਾਰ ਵੱਲੋਂ ਵੀ ਇਸ ਦਿਨ ਨੂੰ ਖਾਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸਰਦਾਰ ਬਲਕੌਰ ਸਿੰਘ ਵੱਲੋਂ  ਆਪਣੇ ਮਰਹੂਮ ਪੁੱਤਰ ਦੇ ਜਨਮ ਦਿਨ ਮੌਕੇ ਉੱਤੇ ਪਿੰਡ ਮੂਸੇ ਵਿਖੇ ਮੁਫਤ ਕੈਂਸਰ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।



ਪਰਿਵਾਰ ਵੱਲੋਂ ਕੀਤਾ ਗਿਆ ਇਹ ਖਾਸ ਉਪਰਾਲਾ


ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ 11 ਜੂਨ ਨੂੰ ਜਨਮ ਦਿਨ (HBD Sidhu Moose Wala ) ਹੈ, ਜਿਸ ਲਈ ਅੱਜ ਉਨ੍ਹਾਂ ਦੇ ਪਿੰਡ ਮੂਸੇ ਵਿਖੇ ਪਰਿਵਾਰ ਵੱਲੋਂ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਕੈਂਸਰ ਦਾ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣਾ ਮੁਫ਼ਤ ਚੈਕਅੱਪ ਕਰਵਾਇਆ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਪਹਿਲਾਂ ਵੀ ਕੈਂਸਰ ਚੈਕਅੱਪ ਕੈਂਪ ਲਗਾਇਆ ਸੀ। ਇਸੇ ਲਈ ਪਰਿਵਾਰ ਨੇ ਅੱਜ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਇਹ ਚੈਕਅੱਪ ਕੈਂਪ ਲਗਾਇਆ ਹੈ।




ਕੈਂਸਰ ਦੁਨੀਆ 'ਚ ਤੇਜ਼ੀ ਨਾਲ ਫੈਲ ਰਿਹਾ ਹੈ


ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ- 'ਵਾਤਾਵਰਣ ਅਤੇ ਸਾਡਾ ਖਾਣ-ਪੀਣ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਕੈਂਸਰ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਚੈਕਅੱਪ ਲਈ ਇਹ ਕੈਂਪ ਲਗਾਇਆ ਗਿਆ ਹੈ।


ਪੰਜਾਬ ਦੇ ਪਲੀਤ ਹੋ ਰਹੇ ਵਾਤਾਵਰਨ ਅਤੇ ਵੱਧ ਰਹੇ ਕੈਂਸਰ 'ਤੇ ਬਲਕੌਰ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਸਾਨੂੰ ਪੰਜਾਬ 'ਚ ਵਾਤਾਵਰਨ ਨੂੰ ਬਚਾਉਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਰੁੱਖ ਲਗਾਉਣ ਦੀ ਲੋੜ ਹੈ, ਜਿਸ ਲਈ ਉਹ ਲਗਾਤਾਰ ਯਤਨ ਕਰ ਰਹੇ ਹਨ ਕਿ ਖੇਤਾਂ 'ਚ ਇੱਕ ਛੋਟਾ ਜਿਹਾ ਛੱਪੜ ਹੈ ਪਾਣੀ ਦੀ ਬੱਚਤ ਕਰਨ ਅਤੇ ਜੈਵਿਕ ਖੇਤੀ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਹੈ, ਜਿਸ ਲਈ ਲੋਕਾਂ ਨੂੰ ਅੱਗੇ ਵਧਣਾ ਚਾਹੀਦਾ ਹੈ ਕਿਉਂਕਿ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਨਾਲ ਕੈਂਸਰ ਵੀ ਵਧਦਾ ਹੈ।


ਉਨ੍ਹਾਂ ਨੇ ਕਿਹਾ ਕਿ ਮੀਡੀਆ ਵਾਲੇ ਕਹਿੰਦੇ ਹਨ ਕਿ ਸਿੱਧੂ ਫੈਕਟਰ ਖਤਮ ਹੋ ਗਿਆ ਹੈ, ਪਰ ਅੱਜ ਵੀ ਇੰਨੇ ਲੋਕ ਪਿੰਡ ਮੂਸੇ ਵਿੱਚ ਆ ਰਹੇ ਹਨ, ਇਹ ਉਸਦੇ ਪੁੱਤਰ ਦਾ ਪਿਆਰ ਹੈ।