Punjab News: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਆਪਣਾ 56ਵਾਂ ਜਨਮ ਦਿਨ ਖ਼ੂਨਦਾਨੀਆਂ ਦੇ ਨਾਲ ਇੱਥੇ ਰਾਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਖੇ ਮਨਾਇਆ। ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਥੈਲਾਸੀਮੀਆ ਪੀੜਤ ਬੱਚਿਆਂ ਦੇ ਲਈ ਸਿਹਤ ਮੰਤਰੀ ਦੇ ਜਨਮ ਦਿਨ ਮੌਕੇ ਦੀਵਾਲੀ ਨੂੰ ਸਮਰਪਿਤ ਲਗਾਏ ਖ਼ੂਨਦਾਨ ਕੈਂਪ ‘ਚ ਸ਼ਿਰਕਤ ਕਰਦਿਆਂ ਜੌੜਾਮਾਜਰਾ ਨੇ ਗਰੀਨ ਦੀਵਾਲੀ ਮਨਾਉਣ ਲਈ ਰਾਜਿੰਦਰਾ ਹਸਪਤਾਲ ਵਿਖੇ 356 ਬੂਟੇ ਲਾਉਣ ਦੀ ਸ਼ੁਰੂਆਤ ਵੀ ਕਰਵਾਈ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਨਾਲ ਸਨ।
ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਆਮ ਲੋਕਾਂ ਨੂੰ ਵੀ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ, ਬੂਟੇ ਲਗਾਉਣਾ, ਲੋੜਵੰਦਾਂ ਦੀ ਮਦਦ ਕਰਨਾ, ਇਬਾਦਤ ਕਰਨ ਦੇ ਬਰਾਬਰ ਹੈ।
ਜੌੜਾਮਾਜਰਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਬੇਧਿਆਨੀ ਕਰਕੇ ਸਿਹਤ ਢਾਂਚਾ ਵਿਗੜਿਆ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਪਣਾ ਸਾਰਾ ਧਿਆਨ ਸਿਹਤ ਤੇ ਸਿੱਖਿਆ ਸਮੇਤ ਰਾਜ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੇਂਦਰਤ ਕੀਤਾ ਹੋਇਆ ਹੈ।
ਸਿਹਤ ਮੰਤਰੀ ਨੇ ਉਮੰਗ ਵੈਲਫੇਅਰ ਫਾਊਂਡੇਸ਼ਨ ਵੱਲੋਂ ਫਾਉਂਡੇਸ਼ਨ ਦੇ ਚੇਅਰਮੈਨ ਡੀਐਸਪੀ ਹਰਦੀਪ ਸਿੰਘ ਬਡੂੰਗਰ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਹੋਰ ਸਮਾਜ ਸੇਵੀ ਸੰਸਥਾਵਾਂ ਅਤੇ ਵਣ ਰੇਂਜ (ਵਿਸਥਾਰ) ਪਟਿਆਲਾ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸ਼ਲਾਘਾ ਕੀਤੀ। ਇਸ ਦੌਰਾਨ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਦੀ ਅਗਵਾਈ ਹੇਠ ਬਲੱਡ ਬੈਂਕ ਵਿਖੇ ਵੱਖਰੇ ਤੌਰ ‘ਤੇ ਕੇਕ ਕੱਟਕੇ ਸਿਹਤ ਮੰਤਰੀ ਦਾ ਜਨਮ ਦਿਨ ਮਨਾਉਂਦੇ ਹੋਏ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।