Farmers Protest: ਖਨੌਰੀ ਬਾਰਡਰ ਉਪਰ ਸੁਰੱਖਿਆ ਬਲਾਂ ਵੱਲੋਂ ਕੀਤੀ ਸਖਤੀ ਦੀ ਦਿਲ ਦਹਿਲਾਉਣ ਵਾਲੀ ਤਸਵੀਰ ਸਾਹਮਣੇ ਆਈ ਹੈ। ਸੁਰੱਖਿਆ ਬਲਾਂ ਵੱਲੋਂ ਕੀਤੀ ਗਏ ਅੰਨ੍ਹੇਵਾਹ ਬਲ ਪ੍ਰਯੋਗ ਨਾਲ 167 ਕਿਸਾਨ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਹੈ ਜਿਨ੍ਹਾਂ ਦਾ ਇਲਾਜ ਰਾਜਿੰਦਰਾ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਤੋਂ ਇਲਾਵਾ ਤਿੰਨ ਹੋਰਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਹ ਜਾਣਕਾਰੀ ਕਿਸਾਨ ਆਗੂ ਬਲਦੇਵ ਸਿੰਘ ਜੀਰਾ ਨੇ ਦਿੱਤੀ ਹੈ।



ਕਿਸਾਨ ਲੀਡਰ ਬਲਦੇਵ ਸਿੰਘ ਜੀਰਾ ਨੇ ਸ਼ੰਭੂ ਸਰਹੱਦ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਯੂਨੀਅਨ ਦੇ ਸੀਨੀਅਰ ਲੀਡਰ ਸਰਵਨ ਪੰਧੇਰ ਤੇ ਜਗਜੀਤ ਡੱਲੇਵਾਲ ਖਨੌਰੀ ਬਾਰਡਰ ਗਏ ਹਨ। ਕਿਸਾਨ ਲੀਡਰ ਜੀਰਾ ਨੇ ਕਿਹਾ ਕਿ ਸਰਹੱਦਾਂ ਉਪਰ ਅਗਲੇ ਦੋ ਕਿਸਾਨ ਕੋਈ ਗਤੀਵਿਧੀ ਨਹੀਂ ਕੀਤੀ ਜਾਏਗੀ। ਇਨ੍ਹਾਂ ਦੋ ਦਿਨਾਂ 'ਚ ਜ਼ਖਮੀਆਂ ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ।


ਜੀਰਾ ਨੇ ਕਿਹਾ ਕਿ ਕੱਲ੍ਹ ਕਿਸਾਨਾਂ 'ਤੇ ਇਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਜਿਵੇਂ ਦੋ ਦੁਸ਼ਮਣ ਦੇਸ਼ ਆਪਸ ਵਿੱਚ ਭਿੜ ਰਹੇ ਹੋਣ। ਇਸ ਦੌਰਾਨ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗਰਦਨ 'ਤੇ ਗੋਲੀ ਲੱਗੀ ਹੈ। ਇਸ ਨਾਲ ਉਸ ਦੀ ਮੌਤ ਹੋ ਗਈ।


ਉਧਰ, ਕਿਸਾਨਾਂ ਨੇ ਕਿਹਾ ਹੈ ਕਿ ਹਰਿਆਣਾ ਪੁਲਿਸ ਨੇ ਉਨ੍ਹਾਂ ਦੇ ਕੈਂਪ 'ਚ ਦਾਖਲ ਹੋ ਕੇ ਹਮਲਾ ਕੀਤਾ। ਕਿਸਾਨ ਆਗੂ ਗੁਰਪ੍ਰੀਤ ਮਾਨ ਨੇ ਕਿਹਾ ਕਿ ਹਰਿਆਣਾ ਪੁਲਿਸ ਤੇ ਨੀਮ ਫੌਜੀ ਬਲਾਂ ਨੇ ਕੱਲ੍ਹ ਪੰਜਾਬ ਵਿੱਚ ਦਾਖ਼ਲ ਹੋ ਕੇ ਕਿਸਾਨਾਂ ਦੇ ਕੈਂਪ ’ਤੇ ਹਮਲਾ ਕਰ ਦਿੱਤਾ। ਟਰੈਕਟਰਾਂ 'ਤੇ ਹਮਲਾ ਕੀਤਾ ਗਿਆ। ਅਜੇ ਵੀ 6 ਲੋਕ ਲਾਪਤਾ ਹਨ।


ਉਨ੍ਹਾਂ ਨੇ ਕਿਹਾ ਕਿ ਦੋ ਦੇਸ਼ਾਂ ਦੀ ਜੰਗ ਦੌਰਾਨ ਵੀ ਉਹ ਪੈਰਾ-ਮੈਡੀਕਲ ਸਟਾਫ 'ਤੇ ਹਮਲਾ ਨਹੀਂ ਕਰਦੇ, ਪਰ ਹਰਿਆਣਾ ਦੇ ਨੀਮ ਫੌਜੀ ਬਲਾਂ ਨੇ ਮੈਡੀਕਲ ਕੈਂਪਾਂ ਵਿੱਚ ਵੀ ਦਾਖਲ ਹੋ ਕੇ ਡਾਕਟਰਾਂ ਨੂੰ ਕੁੱਟਿਆ। ਡਾਕਟਰਾਂ 'ਤੇ ਹਮਲਾ ਕਰਨਾ ਬਰਬਰਤਾ ਦੀਆਂ ਹੱਦਾਂ ਪਾਰ ਕਰਨ ਦੇ ਬਰਾਬਰ ਹੈ।



ਇਸ ਦੌਰਾਨ ਕਿਸਾਨ ਆਗੂਆਂ ਨੇ ਪੰਜਾਬ ਪੁਲਿਸ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਸੀਨੀਅਰ ਆਗੂਆਂ ਨੂੰ ਚੈੱਕ ਪੋਸਟ ’ਤੇ ਗੱਲਬਾਤ ਲਈ ਬੁਲਾਇਆ ਗਿਆ ਸੀ ਪਰ ਉਸੇ ਸਮੇਂ ਹਰਿਆਣਾ ਪੁਲਿਸ ਵੱਲੋਂ ਡ੍ਰੋਨ ਤੋਂ ਫਾਇਰਿੰਗ ਕੀਤੀ ਗਈ। ਇੰਨਾ ਹੀ ਨਹੀਂ, ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਪਿੰਡਾਂ ਵਿੱਚ ਐਲਾਨ ਕਰ ਰਹੀ ਹੈ ਕਿ ਲੰਗਰ ਅੱਗੇ ਨਾ ਲਿਜਾਇਆ ਜਾਵੇ।