Bikram Majithia: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ  ਸਰਕਾਰ ਵੱਲੋਂ ਇਸ਼ਤਿਹਾਰਾਂ 'ਤੇ ਇੱਕ ਸਾਲ ਦੌਰਾਨ ਖਰਚੇ ਗਏ 750 ਕਰੋੜ ਰੁਪਏ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਨਿਆਦੀ ਢਾਂਚਾ ਅਤੇ ਇੱਥੋਂ ਤੱਕ ਕਿ ਰਾਹਤ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।


ਮਜੀਠੀਆ ਨੇ ਕਿਹਾ ਕਿ ਹਾਈ ਕੋਰਟ ਪਹਿਲਾਂ ਹੀ ਦਿੱਲੀ ਵਿੱਚ ਇਸ਼ਤਿਹਾਰਾਂ 'ਤੇ 1100 ਕਰੋੜ ਰੁਪਏ ਖਰਚ ਕਰਨ ਵਾਲੀ ਕੇਜਰੀਵਾਲ ਸਰਕਾਰ ਨੂੰ ਬੁਨਿਆਦੀ ਢਾਂਚੇ 'ਤੇ ਧਿਆਨ ਦੇਣ ਲਈ ਕਹਿ ਚੁੱਕੀ ਹੈ। ਹਾਈਕੋਰਟ ਨੇ ਕੇਜਰੀਵਾਲ ਸਰਕਾਰ ਵੱਲੋਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਆਪਣਾ ਹਿੱਸਾ ਦੇਣ ਤੋਂ ਅਸਮਰੱਥਾ ਪ੍ਰਗਟਾਏ ਜਾਣ ਤੋਂ ਬਾਅਦ ਸਰਕਾਰ ਨੂੰ ਇਸ਼ਤਿਹਾਰਾਂ 'ਤੇ ਖਰਚ ਕੀਤੀ ਗਈ ਰਕਮ ਬਾਰੇ ਹਲਫ਼ਨਾਮਾ ਦਾਇਰ ਕਰਨ ਦਾ ਵੀ ਨਿਰਦੇਸ਼ ਦਿੱਤਾ। ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਿੱਲੀ 'ਚ 'ਆਪ' ਹਾਈਕਮਾਂਡ ਦੇ ਬਣਾਏ ਮਾਡਲ 'ਤੇ ਚੱਲ ਰਹੀ ਹੈ।


ਮਜੀਠੀਆ ਨੇ ਕਿਹਾ ਕਿ ਦਿੱਲੀ ਵਾਂਗ ਪੰਜਾਬ ਸਰਕਾਰ ਨੇ ਵੀ ਮੁੱਢਲੀਆਂ ਸਹੂਲਤਾਂ ਨਾਲ ਸਬੰਧਤ ਕੰਮਾਂ ਨੂੰ ਅੱਖੋਂ ਪਰੋਖੇ ਕਰਕੇ ਇਸ਼ਤਿਹਾਰਾਂ ਲਈ ਵੱਡੀ ਰਕਮ ਤੈਅ ਕੀਤੀ ਹੈ। ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਦੇਣ ਲਈ ਸਿਰਫ਼ 33 ਕਰੋੜ ਰੁਪਏ ਜ਼ਿਲ੍ਹਿਆਂ ਨੂੰ ਭੇਜੇ, ਜਦੋਂ ਕਿ ਅਸਲ ਵਿੱਚ ਇਸ ਲਈ ਕਈ ਸੌ ਕਰੋੜ ਰੁਪਏ ਦੀ ਲੋੜ ਹੈ।


ਮਜੀਠੀਆ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ 'ਚ ਲਿਜਾਣ ਲਈ ਹਵਾਈ ਜਹਾਜ਼ ਕਿਰਾਏ 'ਤੇ ਲੈ ਰਹੀ ਹੈ। ਪੰਜਾਬ ਆਰਥਿਕ ਸੰਕਟ ਵਿੱਚ ਹੈ ਪਰ ਸਰਕਾਰ ਮੁਹੱਲਾ ਕਲੀਨਿਕਾਂ ਵਰਗੇ ਅਸਫ਼ਲ ਪ੍ਰਾਜੈਕਟਾਂ ’ਤੇ ਪੈਸਾ ਬਰਬਾਦ ਕਰ ਰਹੀ ਹੈ। ਮਾਨ ਸਰਕਾਰ ਆਪਣੇ ਡੇਢ ਸਾਲ ਦੇ ਕਾਰਜਕਾਲ ਵਿੱਚ ਕੋਈ ਵੀ ਬੁਨਿਆਦੀ ਢਾਂਚਾ ਸਥਾਪਤ ਕਰਨ ਵਿੱਚ ਨਾਕਾਮ ਰਹੀ।


ਕਾਨੂੰਨ ਵਿਵਸਥਾ 'ਤੇ ਉੱਠੇ ਸਵਾਲ


ਮਜੀਠੀਆ ਨੇ ਕਿਹਾ ਕਿ ਪੰਜਾਬ ਸਾਰੇ ਮਾਪਦੰਡਾਂ 'ਤੇ ਪਛੜ ਰਿਹਾ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। 'ਆਪ' ਸਰਕਾਰ 'ਬਦਲ' ਦੀਆਂ ਗੱਲਾਂ ਕਰਨ ਦੀ ਸ਼ੌਕੀਨ ਹੈ ਅਤੇ ਇਸ ਸਰਕਾਰ ਦੇ ਬਣਨ ਤੋਂ ਬਾਅਦ ਸੂਬੇ 'ਚ ਗੈਂਗਸਟਰ ਕਲਚਰ ਵਧ ਗਿਆ ਹੈ। ਦਿਨ ਦਿਹਾੜੇ ਕਤਲ ਆਮ ਹੋ ਗਏ ਹਨ। ਲਾਰੈਂਸ ਵਰਗੇ ਗੈਂਗਸਟਰ ਜੇਲ੍ਹ 'ਚੋਂ ਖੁੱਲ੍ਹੇਆਮ ਇੰਟਰਵਿਊ ਦੇ ਰਹੇ ਹਨ।


ਅਕਾਲੀ ਆਗੂ ਨੇ ਕਿਹਾ ਕਿ ‘ਆਪ’ ਦੇ ਵਿਧਾਇਕ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝ ਰਹੇ ਹਨ। ਉਨ੍ਹਾਂ ਚੰਡੀਗੜ੍ਹ ਟਰੈਫਿਕ ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ‘ਆਪ’ ਵਿਧਾਇਕ ਅਮੋਲਕ ਸਿੰਘ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।