ਪਰਮਜੀਤ ਸਿੰਘ 



ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਹੋਲਾ ਮਹੱਲਾ 24 ਮਾਰਚ ਤੋਂ ਗੁਰੁ ਕੀ ਨਗਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਲਗਾਤਾਰ ਛੇ ਦਿਨ ਲਈ ਮੇਲਾ ਜਾਰੀ ਰਹੇਗਾ। ਦੂਜੇ ਪਾਸੇ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਉਹਾਰ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਸਖਤ ਦਿਸ਼ਾ-ਨਿਰਦੇਸ਼ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ।

ਪ੍ਰਸ਼ਾਸਨ ਵੱਲੋਂ ਕੋਰੋਨਾ ਨਿਯਮਾਂ ਦਾ ਧਿਆਨ ਰੱਖਿਆ ਜਾਏਗਾ। ਸਾਰੇ ਐਂਟਰੀ ਪੁਆਇੰਟਾਂ 'ਤੇ ਸ਼ਰਧਾਲੂਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਦੌਰਾਨ ਮਾਸਕ ਪਾਉਣਾ ਤੇ ਕੋਰੋਨਾ ਨਿਯਮਾਂ ਦਾ ਪਾਲਣ ਕਰਨਾ ਵੀ ਲਾਜ਼ਮੀ ਹੋਏਗਾ। ਹੋਟਲ, ਸਰਾਂ ਜਾਂ ਟੈਂਟ ਵਿੱਚ ਰਹਿਣ ਵਾਲਿਆਂ ਲਈ ਆਰਟੀ-ਪੀਸੀਆਰ ਕੋਵਿਡ ਟੈਸਟ ਲਾਜ਼ਮੀ ਹੋਵੇਗਾ।

ਪ੍ਰਸ਼ਾਸਨ ਨੇ ਤਿਉਹਾਰ ਵਾਲੇ ਖੇਤਰ ਨੂੰ 11 ਸੈਕਟਰਾਂ ਵਿੱਚ ਵੰਡਿਆ ਹੈ। ਇੱਥੇ ਮੋਬਾਈਲ ਟੈਸਟਿੰਗ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।ਜ਼ਿਕਰਯੋਗ ਹੈ ਕਿ ਇਸ ਵਿਸ਼ਾਲ ਜੋੜ ਮੇਲੇ ਵਿੱਚ 20 ਲੱਖ ਤੋਂ ਵੱਧ ਲੋਕ ਪਹੁੰਚਦੇ ਹਨ।

ਦੱਸ ਦੇਈਏ ਕਿ ਪਿੱਛਲੇ ਸਾਲ ਵੀ ਹੋਲਾ ਮਹੱਲਾ ਦੌਰਾਨ ਪੰਜਾਬ ਵਿੱਚ ਕੋਰੋਨਾ ਕੇਸਾਂ ਨੇ ਰਫ਼ਤਾਰ ਫੜ੍ਹਨੀ ਸ਼ੁਰੂ ਕਰ ਦਿੱਤੀ ਸੀ ਤੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸੀ। ਇਸ ਵਾਰ ਵੀ ਪੰਜਾਬ ਅੰਦਰ ਮੁੜ ਕੋਰੋਨਾ ਕੇਸ ਵੱਧਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਦੋਆਬਾ ਦੇ ਚਾਰ ਜ਼ਿਲ੍ਹਿਆਂ ਵਿੱਚ ਨਾਇਟ ਕਰਫਿਊ ਲਾਗੂ ਕੀਤਾ ਜਾ ਚੁੱਕਾ ਹੈ।