ਹੁਸ਼ਿਆਰਪੁਰ: ਪੰਜਾਬ ਵਿੱਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਹਨ। ਹਰ ਪਾਰਟੀ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੀ ਹੈ ਪਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਪਿੰਡ ਅਜਿਹਾ ਵੀ ਹੈ ਜਿੱਥੋਂ ਦੇ ਵਸਨੀਕ ਅਸਮੰਜਸ ਵਿੱਚ ਹਨ। ਦਰਅਸਲ ਪਿੰਡ ਨਾਰੂ ਨੰਗਲ ਦੇ ਵਸਨੀਕ ਸਰਪੰਚ ਸਮੇਤ ਦੋ ਪੰਚਾਂ ਦੀ ਚੋਣ ਨਹੀਂ ਕਰ ਸਕਣਗੇ ਕਿਉਂਕਿ ਚੋਣ ਕਮਿਸ਼ਨ ਵੱਲੋਂ ਜੋ ਲਿਸਟ ਜਾਰੀ ਕੀਤੀ ਗਈ ਹੈ, ਉਸ ਵਿੱਚ ਉਨ੍ਹਾਂ ਦੀ ਪੰਚਾਇਤ ਐਸਸੀ (ਮਹਿਲਾ) ਲਈ ਰਿਜ਼ਰਵ ਕੀਤੀ ਗਈ ਹੈ ਜਦਕਿ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੀ ਪੰਚਾਇਤ ਜਨਰਲ ਸ਼੍ਰੇਣੀ ਦੇ ਆਧਾਰ ’ਤੇ ਕੰਮ ਕਰ ਰਹੀ ਹੈ ਤੇ ਪਿੰਡ ਵਿੱਚ ਕੋਈ ਐਸਸੀ ਘਰ ਨਹੀਂ।


ਇਸੇ ਤਰ੍ਹਾਂ ਨਕੋਦਰ ਵਿਧਾਨ ਸਭਾ ਸੀਟ ਵਿੱਚ ਪੈਂਦੇ ਪਿੰਡ ਬੈਨਾਪੁਰ ਵਿੱਚ ਵੀ ਸਰਪੰਚੀ ਦੀਆਂ ਚੋਣਾਂ ਦਾ ਕੋਈ ਸ਼ੋਰ ਨਹੀਂ ਹੈ। ਪ੍ਰਸ਼ਾਸ਼ਨ ਦੀ ਇੱਕ ਗਲਤੀ ਕਾਰਨ ਇੱਥੋਂ ਦੀਆਂ ਚੋਣਾਂ ਹੀ ਟਾਲਣੀਆਂ ਪੈ ਗਈਆਂ ਹਨ। ਸਿਰਫ 50 ਘਰਾਂ ਵਾਲੇ ਇਸ ਪਿੰਡ ਵਿੱਚ ਕੋਈ ਐਸਸੀ ਪਰਿਵਾਰ ਨਹੀਂ ਰਹਿੰਦਾ ਜਦਕਿ ਪ੍ਰਸ਼ਾਸਨ ਨੇ ਇੱਥੇ ਦੇ ਸਰਪੰਚ ਦੇ ਅਹੁਦੇ ਨੂੰ ਐਸਸੀ ਰਿਜ਼ਰਵ ਕਰ ਦਿੱਤਾ ਹੈ। ਹੁਣ ਇਸ ਪਿੰਡ ਵਿੱਚ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਚੋਣ ਹੋਵੇਗੀ।

ਪਿੰਡ ਨਾਰੂ ਨੰਗਲ ਦੇ ਵਸਨੀਕਾਂ ਮੁਤਾਬਕ ਉਨ੍ਹਾਂ ਦੇ ਪਿੰਡ ਵਿੱਚ 150 ਦੇ ਕਰੀਬ ਵੋਟਰ ਹਨ। ਇਨ੍ਹਾਂ ਵਿੱਚੋਂ ਵੀ ਮਹਿਜ਼ 95 ਵੋਟਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਪਾਉਂਦੇ ਹਨ। ਬਾਕੀ ਵੋਟ ਸੂਚੀ ਵਿੱਚ ਸ਼ਾਮਲ ਹੀ ਨਹੀਂ ਹਨ ਜੋ ਆਸ-ਪਾਸ ਦੇ ਪਿੰਡਾਂ ਵਿੱਚ ਬਦਲ ਦਿੱਤੀ ਗਈ ਹੈ ਤੇ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਜਦੋਂ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲਾ ਹੱਲ ਕਰਨ ਦਾ ਭਰੋਸਾ ਦਵਾ ਕੇ ਗੱਲ ਛੱਡ ਦਿੱਤੀ। ਇੱਧਰ ਪਿੰਡ ਵਾਸੀ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ।

ਇਸ ਮਾਮਲੇ ਬਾਰੇ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਐਸਸੀ ਵੋਟਰ ਨਹੀਂ ਪਰ ਪਿੰਡ ਦੀ ਪੰਚਾਇਤ ਹੀ ਐਸਸੀ ਕਰ ਦਿੱਤੀ ਗਈ ਹੈ। ਇਹ ਪਹਿਲੀ ਵਾਰ ਨਹੀਂ ਕੀਤਾ ਗਿਆ। ਪਿਛਲੀਆਂ ਚੋਣਾਂ ਵਿੱਚ ਵੀ ਉਨ੍ਹਾਂ ਨਾਲ ਅਜਿਹਾ ਹੋਇਆ ਸ। ਪਿਛਲੀ ਵਾਰ ਵੀ ਪਿੰਡ ਦੇ ਬਹੁਤੇ ਲੋਕ ਵੋਟਾਂ ਨਹੀਂ ਪਾ ਸਕੇ ਸੀ।

ਦੂਜੇ ਪਾਸੇ ਬੀਡੀਓ ਨੇ ਕਿਹਾ ਕਿ ਪਿੰਡ ਦੀ ਸੀਟ 2011 ਵਿੱਚ ਹੋਈ ਜਨਗਣਨਾ ਦੇ ਮੁਤਾਬਕ ਐਸਸੀ ਕੀਤੀ ਗਈ ਹੈ। ਉਨ੍ਹਾਂ ਨੂੰ ਪੰਚਾਇਤੀ ਚੋਣਾਂ ਦੌਰਾਨ ਇਸ ਸਬੰਧੀ ਪਤਾ ਲੱਗਾ ਹੈ। ਹੁਣ ਪੰਚਾਇਤੀ ਚੋਣਾਂ ਤੋਂ ਬਾਅਦ ਉਪ ਚੋਣਾਂ ਵੇਲੇ ਇੱਕ ਸਰਪੰਚ ਤੇ ਦੋ ਪੰਚਾਂ ਦੀ ਚੋਣ ਕੀਤੀ ਜਾਏਗੀ।

ਇਹ ਵੀ ਪੜ੍ਹੋ-  ਪਿੰਡ ’ਚ ਕੋਈ ਐਸਸੀ ਵੋਟਰ ਨਹੀਂ ਪਰ ਸਰਪੰਚ ਦੀ ਸੀਟ ਰਾਖਵੀਂ, ਚੋਣਾਂ ਟਲੀਆਂ