ਬਰਨਾਲਾ : ਬਰਨਾਲਾ ਜ਼ਿਲੇ ਦੇ ਪਿੰਡ ਪੱਖੋ ਕਲਾਂ ਵਿਖੇ ਇੱਕ ਵਿਅਕਤੀ ਜਦੋਂ ਆਪਣੀ ਪਤਨੀ ਦਾ ਅੰਤਮ ਸਸਕਾਰ ਕਰਕੇ ਸਮਸ਼ਾਨਘਾਟ ਤੋਂ ਘਰ ਆਇਆ ਤਾਂ ਇਸ ਤੋਂ ਕੁੱਝ ਦੇਰ ਬਾਅਦ ਹੀ ਉਸਦੀ ਵੀ ਮੌਤ ਹੋ ਗਈ। ਇੱਕ ਪਿੰਡ ਵਿੱਚ ਪਤੀ -ਪਤਨੀ ਦੇ ਅਚਾਨਕ ਚਲੇ ਜਾਣ ਨਾਲ ਸੋਗ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ ਪਿੰਡ ਪੱਖੋ ਕਲਾਂ ਵਾਸੀ ਸਤਪਾਲ ਸਿੰਘ ਦੀ ਪਤਨੀ ਪਰਮਜੀਤ ਕੌਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ, ਦੀ ਮੌਤ ਹੋ ਗਈ ਸੀ। ਸਤਪਾਲ ਸਿੰਘ ਆਪਣੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨਾਲ ਆਪਣੀ ਪਤਨੀ ਪਰਮਜੀਤ ਕੌਰ ਦਾ ਅੰਤਿਮ ਸਸਕਾਰ ਕਰਕੇ ਘਰ ਆਇਆ।
ਇਸ ਤੋਂ ਕੁਝ ਸਮੇਂ ਬਾਅਦ ਉਹ ਪਾਣੀ ਲੈਣ ਲਈ ਆਪਣੇ ਘਰ ਪਾਣੀ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਉਸ ਨੂੰ ਜਬਰਦਸਤ ਕਰੰਟ ਲੱਗਿਆ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਸਤਪਾਲ ਸਿੰਘ ਅਤੇ ਪਰਮਜੀਤ ਕੌਰ ਦੀ ਕਰੀਬ 15 ਸਾਲਾਂ ਦੀ ਇੱਕ ਬੇਟੀ ਹੈ ,ਜੋ ਅਚਾਨਕ ਟੁੱਟੇ ਦੁੱਖਾਂ ਦੇ ਪਹਾੜ ਕਾਰਨ ਗਹਿਰੇ ਸਦਮੇ ਵਿੱਚ ਹੈ। ਇਸ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਵਿੱਚ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ।