Punjab News: ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦਾ ਨਾਮ ਭਾਰਤ ਰਤਨ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਇਸ ਦੀ ਚਰਚਾ ਹੋ ਰਹੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਲਈ ਜਾਰੀ ਕੀਤੀ ਗਈ ਸੂਚੀ 'ਤੇ ਤੰਜ ਕਸਿਆ ਹੈ। ਇਸ ਦੌਰਾਨ ਚੰਡੀਗੜ੍ਹ 'ਚ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਭਗਵੰਤ ਮਾਨ ਨੇ ਭਾਰਤ ਰਤਨ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਵੀ ਨਿਸ਼ਾਨਾ ਸਾਧਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਸੰਸਦ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਭਾਰਤ ਰਤਨ ਦਿੱਤਾ ਜਾਵੇ ਜਿਸ ਨਾਲ ਭਾਰਤ ਰਤਨ ਦੀ ਇੱਜ਼ਤ ਵਧੇ। ਜੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ ਤਾਂ ਉਸ ਨਾਲ ਭਾਰਤ ਰਤਨ ਦਾ ਸਤਿਕਾਰ ਵਧੇਗਾ, ਸਾਰੇ ਕਹਿਣਗੇ ਸਹੀ ਹੈ ਇਹੀ ਭਾਰਤ ਰਤਨ ਹੈ।
ਜੇ ਅਸੀਂ ਨਾ ਵੀ ਦੇਈਏ ਤਾਂ ਵੀ ਸਾਡੇ ਸ਼ਹੀਦਾਂ ਦੇ ਸਤਿਕਾਰ ਵਿੱਚ ਕੋਈ ਕਮੀ ਨਹੀਂ ਆਵੇਗੀ ਪਰ, ਭਾਰਤ ਰਤਨ ਦਾ ਮਾਣ ਵਧ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿੱਧੇ ਤੌਰ 'ਤੇ ਕੁਝ ਨਹੀਂ ਕਿਹਾ, ਪਰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਿਡਾਰੀਆਂ ਨੂੰ ਕਲਾਸ-ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਮਾਨ ਨੇ ਟਵੀਟ ਕਰਦਿਆਂ ਕਿਹਾ, ਅੱਜ ਦੇਸ਼ ਤੇ ਪੰਜਾਬ ਦਾ ਮਾਣ ਵਧਾਉਣ ਵਾਲੇ 11 ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਵੰਡੇ... 7 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵੱਜੋਂ ਨਿਯੁਕਤ ਕੀਤਾ ਗਿਆ... ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰ ਤੇ ਕੋਚ ਸਹਿਬਾਨਾਂ ਨੂੰ ਬਹੁਤ ਬਹੁਤ ਮੁਬਾਰਕਾਂ...ਬਤੌਰ ਖੇਡ ਪ੍ਰੇਮੀ ਇਹਨਾਂ ਖਿਡਾਰੀਆਂ ਦਾ ਸਨਮਾਨ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ...ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ