Moga News: ਫਰੀਦਕੋਟ ਰੇਂਜ ਦੇ ਆਈਜੀ ਪ੍ਰਦੀਪ ਕੁਮਾਰ ਯਾਦਵ ਮੋਗਾ 'ਚ ਮ੍ਰਿਤਕ ਸੰਤੋਖ ਸਿੰਘ ਦੇ ਘਰ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਗੌਰੂ ਬੱਚਾ ਨੇ ਬਜ਼ੁਰਗ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰ ਗੌਰੂ ਬੱਚਾ ਦੀ ਮ੍ਰਿਤਕ ਬਜ਼ੁਰਗ ਦੇ ਲੜਕੇ ਸੀਬੂ ਨਾਲ ਦੁਸ਼ਮਣੀ ਸੀ। ਬਜ਼ੁਰਗ ਦਾ ਲੜਕਾ ਸੀਬੂ ਆਪਣਾ ਗੈਂਗ ਚਲਾਉਂਦਾ ਸੀ ਤੇ ਪਿਛਲੇ 5/6 ਸਾਲਾਂ ਤੋਂ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਸੀਬੂ 'ਤੇ 19 ਕੇਸ ਦਰਜ ਹਨ।



ਗੈਂਗਸਟਰ ਗੌਰੂ ਬੱਚਾ ਸੀਬੂ ਦੇ ਵੱਡੇ ਭਰਾ ਜਗਮੋਹਨ ਨੂੰ ਲੱਭ ਰਿਹਾ ਸੀ, ਜਦੋਂ ਉਹ ਨਾ ਮਿਲਿਆ ਤਾਂ ਸੀਬੂ ਦੇ ਪਿਤਾ ਸੰਤੋਖ ਸਿੰਘ ਨੂੰ ਗੋਲੀ ਮਾਰ ਕੇ ਫਰਾਰ ਹੋ ਗਿਆ। ਇਹ ਵਾਰਦਾਤ ਮੋਗਾ 'ਚ ਬੀਤੇ ਦਿਨੀਂ ਸ਼ਹੀਦ ਭਗਤ ਸਿੰਘ ਨਗਰ 'ਚ ਹੋਏ ਕਤਲ ਦੇ ਮਾਮਲੇ ਨੂੰ ਲੈ ਕੇ ਮ੍ਰਿਤਕ ਦੇ ਲੜਕੇ ਸੀਬੂ ਤੇ ਗੈਂਗਸਟਰ ਗੌਰੂ ਬੱਚਾ ਵਿਚਕਾਰ ਹੋਈ ਲੜਾਈ ਕਾਰਨ ਵਾਪਰੀ ਹੈ।

ਅੱਜ ਆਈਜੀ ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਮ੍ਰਿਤਕ ਸੰਤੋਖ ਸਿੰਘ ਦੇ ਘਰ ਪਹੁੰਚੇ ਹਨ। ਉੱਥੇ ਆਈਜੀ ਪ੍ਰਦੀਪ ਕੁਮਾਰ ਯਾਦਵ ਨੇ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਬਾਰੇ ਕਾਫੀ ਸੂਚਨਾ ਮਿਲੀ ਹੈ, ਜਿਸ 'ਤੇ ਉਹ ਕੰਮ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਬਜ਼ੁਰਗ ਦੇ ਲੜਕੇ ਸੀਬੂ ਤੇ ਇੱਕ ਹੋਰ ਗਰੋਹ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਚੱਲ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਨੇ ਇਸ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਜਿਨ੍ਹਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਜਲਦ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ 'ਚ ਗੈਂਗਸਟਰ ਗੋਰੂ ਬੱਚਾ ਤੇ ਉਸ ਦੇ ਸਾਥੀ ਦਾ ਨਾਂ ਆ ਰਿਹਾ ਹੈ, ਉਹ ਇਸ 'ਤੇ ਕੰਮ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਚਕਾਰ ਲੜਾਈ ਚੱਲ ਰਹੀ ਸੀ, ਜਿਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਯੋਜਨਾ ਕਿੱਥੇ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਸੀਬੂ ਦਾ ਆਪਣਾ ਗੈਂਗ ਚੱਲ ਰਿਹਾ ਸੀ ਅਤੇ ਗੌਰੂ ਬੱਚਾ ਦਾ ਆਪਣਾ ਗੈਂਗ ਹੈ। ਉਹ ਆਪਣੇ ਆਪ ਨੂੰ ਵੱਖ-ਵੱਖ ਗਰੋਹਾਂ ਨਾਲ ਜੁੜੇ ਦੱਸਦੇ ਸਨ। ਸੋਸ਼ਲ ਮੀਡੀਆ 'ਤੇ ਗੋਪੀ ਡੱਲੇਵਾਲ ਦੀ ਪੋਸਟ ਬਾਰੇ ਉਨ੍ਹਾਂ ਕਿਹਾ ਕਿ ਉਹ ਤਸਦੀਕ ਕਰ ਰਹੇ ਹਨ ਕਿ ਕਦੋਂ ਪਾਈ ਗਈ ਸੀ।