Bikram Majithia: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦੇ ਕੰਮ ਨੂੰ ਲੈ ਕੇ ਪੰਜਾਬ ਸਰਕਾਰ ਉੱਪਰ ਵੱਡੇ ਸਵਾਲ ਖੜ੍ਹੇ ਕੀਤੇ ਹਨ। ਮਜੀਠੀਆ ਨੇ ਕਿਹਾ ਹੈ ਕਿ ਪਟਵਾਰੀਆਂ ਵੱਲੋਂ ਪੰਜਾਬ ਦੇ ਅੱਠ ਹਜ਼ਾਰ ਪਿੰਡਾਂ ਦਾ ਵਾਧੂ ਚਾਰਜ ਛੱਡਣ ਕਰਕੇ ਇੱਥੇ ਵੋਟਾਂ ਕਿਵੇਂ ਬਣਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 21 ਅਕਤੂਬਰ ਤੋਂ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਪਰ ਅੱਠ ਹਜ਼ਾਰ ਪਿੰਡਾਂ ਦਾ ਮਾਲ ਵਿਭਾਗ ਨਾਲ ਸਬੰਧਤ ਕੋਈ ਕੰਮ ਨਹੀਂ ਹੋ ਰਿਹਾ। ਇਸ ਲਈ ਵੋਟਾਂ ਕਿਵੇਂ ਬਣਨਗੀਆਂ।



ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ....ਪੰਜਾਬ ’ਚ ਦੀ ਰੈਵੇਨਿਊ ਪਟਵਾਰ ਯੂਨੀਅਨ ਨੇ 1 ਸਤੰਬਰ ਤੋਂ ਵਿੱਢੇ ਆਪਣੇ ਸੰਘਰਸ਼ ਤਹਿਤ 8 ਹਜ਼ਾਰ ਪਿੰਡਾਂ ਦਾ ਐਡੀਸ਼ਨਲ ਚਾਰਜ ਛੱਡਿਆ ਹੋਇਆ ਹੈ। ਮਤਲਬ ਹੈ ਕਿ ਇਹਨਾਂ ਪਿੰਡਾਂ ਦਾ ਮਾਲ ਵਿਭਾਗ ਨਾਲ ਸਬੰਧਤ ਕੋਈ ਕੰਮ ਨਹੀਂ ਹੋ ਰਿਹਾ। ਹੁਣ 21 ਅਕਤੂਬਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ ਆਰੰਭ ਹੋ ਰਿਹਾ ਹੈ, ਉਸਦੀ ਜ਼ਿੰਮੇਵਾਰੀ ਵੀ ਪਟਵਾਰੀਆਂ ਸਿਰ ਪਾਈ ਗਈ ਹੈ। ਜਦੋਂ 8 ਹਜ਼ਾਰ ਪਿੰਡਾਂ ਦਾ ਐਡੀਸ਼ਨਲ ਚਾਰਜ ਹੀ ਪਟਵਾਰੀ ਛੱਡੀਂ ਬੈਠੇ ਹਨ ਤਾਂ ਫਿਰ ਵੋਟਾਂ ਕੌਣ ਬਣਾਏਗਾ ? 


ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕਿ ਪਹਿਲਾਂ ਮਾਲ ਵਿਭਾਗ ਦਾ ਕੰਮ ਪ੍ਰਭਾਵਤ ਹੋ ਰਿਹਾ ਸੀ ਤੇ ਹੁਣ ਵੋਟਾਂ ਦਾ ਕੰਮ ਵੀ ਪ੍ਰਭਾਵਤ ਹੋਵੇਗਾ...ਉਹ ਤਾਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਚੋਣਾਂ ਵਾਲੇ ਰਾਜਾਂ ਵਿਚ ਰੁੱਝੇ ਹਨ....ਚਲ ਪੰਜਾਬ ਸਿਹਾਂ ਤੇਰਾ ਰੱਬ ਹੀ ਰਾਖਾ........'


 


 






ਦੱਸ ਦਈਏ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਨਿਯਮਾਂਵਲੀ 1959 ਅਧੀਨ ਗੁਰਦੁਆਰਾ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਜੋ 15 ਨਵੰਬਰ 2023 ਤੱਕ ਚੱਲੇਗੀ।


ਇਸ ਤੋਂ ਬਾਅਦ 5 ਦਸੰਬਰ 2023 ਨੂੰ ਮੁੱਢਲੀ ਪ੍ਰਕਾਸ਼ਨਾ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀ ਜਾਣੀ ਹੈ। ਇਸ ਲਈ ਬਿਨੈਕਾਰ ਦੀ ਉਮਰ 21 ਸਾਲ ਹੋਣੀ ਚਾਹੀਦੀ ਹੈ। ਬਿਨੈਕਾਰ ਕੇਸਾਧਾਰੀ ਸਿੱਖ ਜੋ ਆਪਣੇ ਦਾੜ੍ਹੀ ਜਾਂ ਕੇਸਾਂ ਨੂੰ ਨਾ ਕੱਟਦਾ ਹੋਵੇ ਜਾਂ ਸ਼ੇਵ ਨਾ ਕਰਦਾ ਹੋਵੇ ਤੇ ਸਿਗਰਟ, ਸ਼ਰਾਬ ਨਾ ਪੀਂਦਾ ਹੋਵੇ ਤੇ ਮਾਸ ਦਾ ਸੇਵਨ ਨਾ ਕਰਦਾ ਹੋਵੇ।