ਰੋਹਿਤ ਬਾਂਸਲ
ਚੰਡੀਗੜ੍ਹ: ਪੰਜਾਬ ਸਰਕਾਰ ਪਿਛਲੇ 20 ਸਾਲਾਂ ਦੌਰਾਨ ਰੇਤੇ ਅਤੇ ਬਜਰੀ ਤੋਂ ਮਿਥੇ ਗਏ ਮਾਲੀਆ ਦੇ ਟੀਚੇ ਨੂੰ ਸਰ ਕਰਨ ਵਿੱਚ ਅਸਫਲ ਰਹੀ ਹੈ। ਜੇਕਰ ਪਿਛਲੇ 20 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਮਾਇਨਿੰਗ 'ਚੋਂ ਹੁਣ ਤੱਕ ਮਹਿਜ਼ 1083.2 ਕਰੋੜ ਰੁਪਏ ਕਮਾਏ ਗਏ ਹਨ, ਜਦਕਿ 2017 ਤੋਂ ਲੈ ਕੇ 2022 ਤੱਕ 1384 ਕਰੋੜ ਰੁਪਏ ਦਾ ਟੀਚਾ ਤੈਅ ਕੀਤਾ ਗਿਆ ਸੀ।
ਕਰਜ਼ੇ ਹੇਠ ਦੱਬੇ ਪੰਜਾਬ ਸੂਬੇ ਦੀਆਂ ਸਰਕਾਰਾਂ ਰੇਤੇ ਤੋਂ ਮਾਲੀਆ ਵਧਾਉਣ 'ਚ ਨਾਕਾਮਯਾਬ ਸਾਬਿਤ ਹੋਈਆਂ ਹਨ, ਜਦਕਿ ਮਾਇਨਿੰਗ ਮਾਫੀਆ ਨੂੰ ਲੈ ਕੇ ਸਮੇਂ-ਸਮੇਂ 'ਤੇ ਸੂਬਾ ਸਰਕਾਰ ਸਵਾਲਾਂ ਦੇ ਘੇਰੇ 'ਚ ਰਹੀ ਹੈ।ਬੀਤੇ ਦਿਨੀਂ ਵਿਧਾਨ ਸਭਾ ਦੀ ਕਰਵਾਈ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਇਨਿੰਗ ਵਿੱਚੋਂ 20000 ਕਰੋੜ ਰੁਪਏ ਕਮਾਉਣ ਦੀ ਗੱਲ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਇਸ ਮਸਲੇ ਨੂੰ ਲੈ ਕੇ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਚੈਲੰਜ ਕੀਤਾ ਗਿਆ ਤੇ ਮੰਤਰੀ ਹਰਜੋਤ ਬੈਂਸ ਨੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅਕਾਲੀ-ਭਾਜਪਾ ਤੇ ਕਾਂਗਰਸ ਦੀ ਸਰਕਾਰ ਵੱਲੋਂ ਸਿਰਫ਼ 1083.2 ਕਰੋੜ ਰੁਪਏ ਕਮਾਏ ਗਏ ਹਨ, ਤੇ ਤਕਰੀਬਨ 40000 ਕਰੋੜ ਰੁਪਏ ਦੀ ਲੁੱਟ ਕੀਤੀ ਗਈ।
ਉੱਧਰ ਜੇਕਰ ਪਿਛਲੇ 20 ਸਾਲਾਂ ਦੇ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ 2002 ਤੋਂ 2007 ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ 52.14 ਕਰੋੜ ਰੁਪਏ ਮਾਇਨਿੰਗ ਤੋਂ ਮਾਲੀਆ ਇਕੱਠਾ ਕੀਤਾ ਗਿਆ। ਇਸ ਤੋਂ ਬਾਅਦ ਅਕਾਲੀ- ਭਾਜਪਾ ਦੀ ਸਰਕਾਰ ਨੇ ਆਪਣੇ 10 ਸਾਲ (2007 ਤੋਂ 2017 ਤੱਕ ) 'ਚ 430.92 ਕਰੋੜ ਰੁਪਏ ਰੇਤੇ-ਬਜਰੀ 'ਚੋਂ ਕਮਾਏ। ਹਾਲਾਂਕਿ ਇਨ੍ਹਾਂ 15 ਸਾਲਾਂ ਦੌਰਾਨ ਸਰਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਟੀਚਾ ਨਹੀਂ ਮਿਥਿਆ ਗਿਆ ਸੀ। ਪਰ 2017 ਵਿੱਚ ਮੁੜ ਕਾਂਗਰਸ ਦੀ ਸਰਕਾਰ ਆਉਣ 'ਤੇ ਪੰਜਾਬ ਸਰਕਾਰ ਵੱਲੋਂ ਮਾਇਨਿੰਗ ਮਾਲੀਆ ਦਾ ਟੀਚਾ ਨਿਸ਼ਚਿਤ ਕੀਤਾ ਜਾਣ ਲੱਗਾ। 2017 ਤੋਂ 2022 ਤੱਕ ਦੇ 5 ਸਾਲਾਂ ਦੌਰਾਨ 1384 ਕਰੋੜ ਰੁਪਏ ਦਾ ਟੀਚਾ ਤੈਅ ਕੀਤਾ ਗਿਆ ਪਰ ਇਸ ਮੌਕੇ ਸਰਕਾਰ ਨੇ ਰੇਤੇ-ਬਜਰੀ ਤੋਂ ਮਹਿਜ਼ 600.14 ਕਰੋੜ ਰੁਪਏ ਕਮਾਏ ਗਏ। ਹਾਲਾਂਕਿ ਮੌਜੂਦਾ ਮੰਤਰੀ ਹਰਜੋਤ ਬੈਂਸ ਮੁਤਾਬਿਕ ਪਿਛਲੇ 5 ਸਾਲਾਂ ਦੌਰਾਨ ਸਾਬਕਾ ਸਰਕਾਰ ਵੱਲੋਂ 7000 ਕਰੋੜ ਰੁਪਏ ਦੀ ਚੋਰੀ ਕੀਤੀ ਗਈ।
ਹਾਲਾਂਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਰੇਤੇ-ਬਜਰੀ 'ਚੋਂ 20000 ਕਰੋੜ ਰੁਪਏ ਸਲਾਨਾ ਮਾਲੀਆ ਇਕੱਠਾ ਕਰਨ ਦਾ ਦਾਅਵਾ ਕਰ ਰਹੀ ਹੈ।ਇਸਦੇ ਲਈ ਸਰਕਾਰ ਵੱਲੋਂ ਨਵੀਂ ਸੈਂਡ ਮਾਇਨਿੰਗ ਨੀਤੀ ਅਤੇ ਕਰੈਸ਼ਰ ਨੀਤੀ ਬਣਾਉਣ ਲਈ ਵਿਚਾਰ ਕੀਤਾ ਜਾ ਰਿਹਾ ਹੈ।ਇਸ ਨੀਤੀ ਵਿੱਚ ਰੇਤੇ ਅਤੇ ਬਜਰੀ ਦੇ ਰੇਟਾਂ ਨੂੰ ਘੱਟ ਕਰਨ ਸਬੰਧੀ ਵਿਚਾਰਿਆ ਜਾਵੇਗਾ।ਜੇਕਰ ਰੇਤੇ ਬਜਰੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਅੰਦਰ ਰੇਤੇ ਦੇ ਮੌਜੂਦਾ ਭਾਅ 16 ਰੁਪਏ ਤੋਂ 37 ਰੁਪਏ ਤੱਕ ਹਨ ਅਤੇ ਬਜਰੀ ਦੇ ਮੌਜੂਦਾ ਰੇਟ 14 ਰੁਪਏ ਤੋਂ 38 ਰੁਪਏ ਪ੍ਰਤੀ ਫੁੱਟ ਹਨ। ਜਦਕਿ ਸਰਕਾਰ ਵੱਲੋਂ ਕੀਮਤਾਂ ਨੂੰ ਘੱਟ ਕਰਨ ਲਈ ਰੇਤੇ ਅਤੇ ਬਜਰੀ ਦੀ ਆਨਲਾਇਨ ਪੋਰਟਲ ਰਾਹੀਂ 5.5 ਰੁਪਏ ਪ੍ਰਤੀ ਫੁੱਟ ਪਿਟ ਹੈੱਡ 'ਤੇ ਵੇਚੀ ਜਾ ਰਹੀ ਹੈ।