NIA Raid in Punjab: ਐਨਆਈਏ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੇ ਪੰਜਾਬ ਦੇ 12 ਜ਼ਿਲ੍ਹਿਆਂ 'ਚ ਛਾਪੇਮਾਰੀ ਕੀਤੀ ਹੈ। ਅੱਜ ਸਵੇਰੇ ਹੀ ਮੋਗਾ ਸਮੇਤ ਕਈ ਸ਼ਹਿਰਾਂ 'ਚ ਛਾਪੇਮਾਰੀ ਕਰਨ ਲਈ ਟੀਮਾਂ ਪਹੁੰਚੀਆਂ। ਇਹ ਛਾਪੇਮਾਰੀ ਗੈਂਗਸਟਰ-ਖਾਲਿਸਤਾਨੀ ਨੈੱਟਵਰਕ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ NIA ਦੀ ਇਹ ਛਾਪੇਮਾਰੀ ਲਾਰੈਂਸ, ਗੋਲਡੀ ਬਰਾੜ, ਨੀਰਜ ਬਵਾਨਾ ਸਮੇਤ ਇੱਕ ਦਰਜਨ ਤੋਂ ਵੱਧ ਗੈਂਗਸਟਰਾਂ ਦੇ ਨਜ਼ਦੀਕੀਆਂ 'ਤੇ ਹੋਈ ਹੈ।
ਇਹ ਛਾਪੇਮਾਰੀ ਅੱਤਵਾਦੀ ਫੰਡਿੰਗ ਤੇ ਡਰੱਗਜ਼ ਦੇ ਮਾਮਲੇ 'ਚ ਕੀਤੀ ਗਈ ਹੈ। NIA ਗੈਂਗਸਟਰਾਂ ਤੇ ਖਾਲਿਸਤਾਨੀ ਨੈੱਟਵਰਕ 'ਤੇ ਦਰਜ 5 ਮਾਮਲਿਆਂ 'ਚ ਤੇਜ਼ੀ ਨਾਲ ਛਾਪੇਮਾਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ਾਂ 'ਚ ਬੈਠੇ ਖਰਮ ਖਿਆਲੀ ਭਾਰਤ 'ਚ ਦਹਿਸ਼ਤ ਫੈਲਾਉਣ ਲਈ ਗੈਂਗਸਟਰਾਂ ਨੂੰ ਫੰਡਿੰਗ ਕਰ ਰਹੇ ਹਨ ਤਾਂ ਜੋ ਉਹ ਪੰਜਾਬ 'ਚ ਦਹਿਸ਼ਤ ਫੈਲਾ ਸਕਣ।
ਜ਼ਿਕਰਯੋਗ ਹੈ ਕਿ ਐਨਆਈਏ ਨੇ ਬੀਤੇ ਦਿਨ ਹੀ 14 ਦੇਸ਼ਾਂ ਵਿੱਚ ਬੈਠੇ 28 ਗੈਂਗਸਟਰਾਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਸੀ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਐਨਆਈਏ ਕਈ ਹੋਰ ਗੈਂਗਸਟਰਾਂ ਖ਼ਿਲਾਫ਼ ਵੀ ਵੱਡੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ। ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਐਨਆਈਏ ਦੀ ਸੂਚੀ ਵਿੱਚ ਸਿਖਰ 'ਤੇ ਹਨ।
ਦੱਸ ਦੇਈਏ ਕਿ NIA ਨੇ ਅੱਜ ਸਵੇਰੇ ਜਲੰਧਰ ਦੇ ਅਮਨ ਨਗਰ ਨੂੰ ਘੇਰ ਲਿਆ। ਟੀਮ ਨੇ ਇਲਾਕੇ ਦੇ ਰਹਿਣ ਵਾਲੇ ਪੁਨੀਤ ਤੇ ਲਾਲੀ ਦੇ ਘਰਾਂ 'ਤੇ ਛਾਪੇਮਾਰੀ ਕੀਤੀ। ਘਰ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਕਈ ਦਸਤਾਵੇਜ਼ਾਂ ਦੀ ਵੀ ਜਾਂਚ ਕਰ ਰਹੀ ਹੈ। ਪੁਨੀਤ ਤੇ ਲਾਲੀ ਨੇ ਸੁਖਵਿੰਦਰ ਸਿੰਘ ਉਰਫ ਡਿਪਟੀ ਦਾ ਕਤਲ ਕੀਤਾ ਸੀ। ਡਿਪਟੀ ਕਾਂਗਰਸ ਦੇ ਕੌਂਸਲਰ ਸਨ। ਜੇਲ੍ਹ 'ਚ ਬੰਦ ਪੁਨੀਤ ਤੇ ਲਾਲੀ ਨੇ ਵਿਕਾਸ ਮਾਲਿਆ ਨਾਲ ਆਪਣੇ ਰਿਸ਼ਤੇ ਬਣਾ ਲਏ ਸਨ। ਦੋਵੇਂ ਮੁਲਜ਼ਮ ਜ਼ਿਆਦਾਤਰ ਜੇਲ੍ਹ ਦੇ ਅੰਦਰੋਂ ਹੀ ਸੁਪਾਰੀ ਲੈ ਕੇ ਕਤਲ ਕਰਵਾਉਂਦੇ ਰਹੇ ਹਨ।
ਗੈਂਗਸਟਰਾਂ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਅੱਤਵਾਦੀ ਤੇ ਗੈਂਗਸਟਰ ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਕਪੂਰਥਲਾ, ਮੋਹਾਲੀ, ਫਾਜ਼ਿਲਕਾ, ਮੁਕਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ 'ਚ ਸ਼ਾਮਲ ਹਨ। ਐਨਆਈਏ ਦੀਆਂ ਟੀਮਾਂ ਇਨ੍ਹਾਂ ਸ਼ਹਿਰਾਂ ਤੇ ਕਸਬਿਆਂ ਦੀ ਸੂਚੀ ਬਣਾ ਕੇ ਅੱਜ ਛਾਪੇਮਾਰੀ ਕਰਨ ਲਈ ਪਹੁੰਚ ਗਈਆਂ ਹਨ।