ਪੰਜਾਬ 'ਚ ਝੋਨੇ ਦੇ ਸੀਜ਼ਨ ਕਾਰਨ ਬਿਜਲੀ ਦੀ ਮੰਗ 'ਚ ਹੋ ਰਹੇ ਰਿਕਾਰਡਤੋੜ ਵਾਧੇ ਵਿਚਕਾਰ ਹੁਣ ਥਰਮਲ ਪਲਾਂਟਾਂ ਦੇ ਯੂਨਿਟ ਜਵਾਬ ਦੇਣ ਲੱਗੇ ਹਨ। ਸੋਮਵਾਰ ਨੂੰ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ ਕਰ ਦਿੱਤੇ ਗਏ। ਇਸ ਕਾਰਨ 1770 ਮੈਗਾਵਾਟ ਦੀ ਬਿਜਲੀ ਸਪਲਾਈ ਠੱਪ ਹੋ ਗਈ। ਉਂਜ ਪਾਵਰਕੌਮ ਨੇ ਇਸ ਘਾਟ ਦੀ ਪੂਰਤੀ ਬਾਹਰੋਂ ਬਿਜਲੀ ਖਰੀਦ ਕੇ ਕੀਤੀ, ਜਿਸ ਨਾਲ ਲੋਕ ਕੱਟਾਂ ਤੋਂ ਬਚ ਗਏ। ਮਾਹਿਰਾਂ ਅਨੁਸਾਰ ਮੰਗਲਵਾਰ ਤੋਂ ਮਾਝਾ ਅਤੇ ਦੁਆਬੇ ਦੇ ਖੇਤਰਾਂ 'ਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 'ਚ ਵੱਡਾ ਉਛਾਲ ਆਵੇਗਾ। ਇਸ ਤੋਂ ਬਾਅਦ ਬਿਜਲੀ ਦੀ ਕਿੱਲਤ ਕਾਰਨ ਖਪਤਕਾਰਾਂ ਨੂੰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


ਪੰਜਾਬ 'ਚ 10 ਜੂਨ ਤੋਂ ਪੰਜਾਬ 'ਚ ਸਰਹੱਦ ਨੇੜੇ ਕੰਡਿਆਲੀ ਤਾਰ ਤੋਂ ਪਾਰ ਦੇ ਇਲਾਕਿਆਂ 'ਚ ਝੋਨੇ ਦੀ ਬਿਜਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੋਮਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 11,727 ਮੈਗਾਵਾਟ ਦਰਜ ਕੀਤੀ ਗਈ, ਜੋ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਮੰਨੀ ਜਾਂਦੀ ਹੈ।


ਮੰਨਿਆ ਜਾ ਰਿਹਾ ਹੈ ਕਿ ਮਾਝਾ ਅਤੇ ਦੁਆਬੇ 'ਚ ਮੰਗਲਵਾਰ ਤੋਂ ਅਤੇ ਫਿਰ ਮਾਲਵਾ ਖੇਤਰ 'ਚ 17 ਜੂਨ ਤੋਂ ਝੋਨੇ ਦੀ ਬਿਜਾਈ ਤੋਂ ਬਾਅਦ ਸੂਬੇ 'ਚ ਬਿਜਲੀ ਦੀ ਮੰਗ 15,900 ਮੈਗਾਵਾਟ ਤੱਕ ਪਹੁੰਚ ਸਕਦੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬਿਜਲੀ ਦੀ ਵਧਦੀ ਮੰਗ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਨੇ ਦਮ ਤੋੜਨਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਰੋਪੜ 'ਚ 210-210 ਮੈਗਾਵਾਟ ਦੇ 2 ਯੂਨਿਟ, ਲਹਿਰਾ ਮੁਹੱਬਤ 'ਚ 210-210 ਮੈਗਾਵਾਟ ਦੇ 2 ਯੂਨਿਟ, ਤਲਵੰਡੀ ਸਾਬੋ 'ਚ 660 ਮੈਗਾਵਾਟ ਦਾ 1 ਯੂਨਿਟ ਅਤੇ ਗੋਇੰਦਵਾਲ 'ਚ 270 ਮੈਗਾਵਾਟ ਦਾ 1 ਯੂਨਿਟ ਬੰਦ ਰਿਹਾ। ਇਸ ਕਾਰਨ 1770 ਮੈਗਾਵਾਟ ਬਿਜਲੀ ਸਪਲਾਈ ਠੱਪ ਹੋ ਗਈ।


ਸੋਮਵਾਰ ਸਵੇਰੇ ਰੋਪੜ ਪਲਾਂਟ ਦੇ 4 ਯੂਨਿਟਾਂ 'ਚ ਪਏ ਨੁਕਸ ਕਾਰਨ ਬੰਦ ਹੋ ਗਏ। ਭਾਵੇਂ ਬਾਅਦ ਦੁਪਹਿਰ 2 ਯੂਨਿਟ ਚਾਲੂ ਹੋ ਗਏ, ਪਰ ਖ਼ਬਰ ਲਿਖੇ ਜਾਣ ਤੱਕ ਬਾਕੀ 2 ਯੂਨਿਟ ਬੰਦ ਸਨ।


ਅਜਿਹੇ 'ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਪਾਵਰਕੌਮ ਨੇ ਬਾਹਰੋਂ ਕਰੀਬ 4800 ਮੈਗਾਵਾਟ ਬਿਜਲੀ ਮੰਗਵਾਈ, ਜੋ ਕਰੀਬ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲਦੀ ਸੀ। ਦੂਜੇ ਪਾਸੇ ਪਾਵਰਕੌਮ ਨੇ ਆਪਣੇ ਰੋਪੜ ਅਤੇ ਲਹਿਰਾ ਥਰਮਲਾਂ ਤੋਂ 689 ਮੈਗਾਵਾਟ, ਪ੍ਰਾਈਵੇਟ ਦੇ ਰਾਜਪੁਰਾ, ਤਲਵੰਡੀ ਸਾਬੋ ਅਤੇ ਗੋਇੰਦਵਾਲ ਤੋਂ 2600 ਮੈਗਾਵਾਟ, ਹਾਈਡਲ ਪ੍ਰਾਜੈਕਟਾਂ ਤੋਂ 509 ਮੈਗਾਵਾਟ ਅਤੇ ਹੋਰ ਸਰੋਤਾਂ ਤੋਂ ਕੁੱਲ 3905 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ।


ਪੰਜਾਬ ਦੇ 81 ਫੀਡਰਾਂ 'ਤੇ ਬਿਜਲੀ ਸਪਲਾਈ ਰਹੀ ਪ੍ਰਭਾਵਿਤ, 54302 ਸ਼ਿਕਾਇਤਾਂ ਮਿਲੀਆਂ


ਪੰਜਾਬ 'ਚ ਬਿਜਲੀ ਦੀ ਮੰਗ ਵਧਣ ਕਾਰਨ ਰੋਪੜ ਪਲਾਂਟ ਦੇ ਸਾਰੇ ਯੂਨਿਟ ਅਚਾਨਕ ਖਰਾਬ ਹੋਣ ਕਾਰਨ 81 ਫੀਡਰਾਂ ਤੋਂ ਦਿਨ ਵੇਲੇ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇਨ੍ਹਾਂ ਵਿੱਚੋਂ 39 ਫੀਡਰਾਂ ਤੋਂ ਕਰੀਬ 6 ਘੰਟੇ, 16 ਫੀਡਰਾਂ 'ਤੇ 2 ਤੋਂ 4 ਘੰਟੇ, 6 ਫੀਡਰਾਂ 'ਤੇ 4 ਤੋਂ 6 ਘੰਟੇ ਅਤੇ 20 ਫੀਡਰਾਂ 'ਤੇ 6 ਘੰਟੇ ਤੋਂ ਵੱਧ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਪਾਵਰਕੌਮ ਨੂੰ ਇਸ ਦੌਰਾਨ 54302 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਹ ਰਿਪੋਰਟ ਲਿਖੇ ਜਾਣ ਤੱਕ ਪਾਵਰਕੌਮ ਨੇ 45255 ਸ਼ਿਕਾਇਤਾਂ ਦਾ ਨਿਪਟਾਰਾ ਕਰ ਲਿਆ ਸੀ।