chandigarh news: ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸਬੰਧਤ ਵਿਭਾਗਾਂ, ਸੈਨਾ, ਐਨ.ਡੀ.ਆਰ.ਐਫ. ਦੇ ਨੁਮਾਇੰਦਿਆਂ ਅਤੇ ਚੰਡੀਗੜ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਲਗਾਤਾਰ ਪੈ ਰਹੀ ਤੇਜ਼ ਬਾਰਸ਼ ਕਾਰਨ ਕਜੌਲੀ ਵਾਟਰ ਵਰਕਸ ਵਿਖੇ ਨੁਕਸਾਨੀਆਂ ਗਈਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਉਨਾਂ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ਦਾ ਨਿੱਜੀ ਤੌਰ ਉਤੇ ਦੌਰਾ ਕਰ ਕੇ ਰਿਪੋਰਟ ਦੇਣ ਲਈ ਕਿਹਾ।  


ਮੀਟਿੰਗ ਵਿੱਚ ਦੱਸਿਆ ਗਿਆ ਕਿ ਭਾਖੜਾ ਮੇਨ ਲਾਈਨ ਤੋਂ ਕਜੌਲੀ ਵਾਟਰ ਵਰਕਸ ਰਾਹੀਂ ਰੋਜ਼ਾਨਾ ਟਰਾਈਸਿਟੀ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ। 120 ਮਿਲੀਅਨ ਗੇਲਨ ਪ੍ਰਤੀ ਦਿਨ ਸਮਰੱਥਾ ਵਾਲੀਆਂ ਪੰਜ ਪਾਈਪਾਂ ਵਿੱਚੋਂ ਪੰਜਾਬ ਦੇ ਜਲ ਸਪਲਾਈ ਵਿਭਾਗ ਦੀ ਇਕ ਪਾਈਪ ਨੂੰ ਨੁਕਸਾਨ ਹੋਇਆ ਜਦੋਂ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਇਕ ਪਾਈਪਲਾਈਨ ਪੂਰੀ ਤਰਾਂ ਨੁਕਸਾਨੀ ਗਈ ਹੈ। ਦੋਵੇਂ ਪਾਈਪਾਂ ਦੀ ਸਮਰੱਥਾ 20-20 ਮਿਲੀਅਨ ਗੇਲਨ ਪ੍ਰਤੀ ਦਿਨ ਹੈ।


ਅਨੁਰਾਗ ਵਰਮਾ ਨੇ ਕਿਹਾ ਕਿ ਭਾਵੇਂ ਕਿ ਚੰਡੀਗੜ੍ਹ ਦੀ ਇਕ ਪਾਈਪ ਲਾਈਨ ਪੂਰੀ ਤਰਾਂ ਟੁੱਟ ਗਈ ਹੈ ਜਨਹਿੱਤ ਨੂੰ ਧਿਆਨ ਵਿੱਚ ਰੱਖਦਿਆਂ ਉਪਲੱਬਧ ਪਾਣੀ ਵਿੱਚੋਂ ਚੰਡੀਗੜ੍ਹ ਨੂੰ ਢੁੱਕਵਾਂ ਹਿੱਸਾ ਪਾਣੀ ਦਿੱਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਚੰਡੀਗੜ, ਮੁਹਾਲੀ ਤੇ ਚੰਡੀਮੰਦਰ ਨੂੰ ਪੀਣ ਵਾਲਾ ਲੋੜੀਂਦਾ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।


ਇਹ ਵੀ ਪੜ੍ਹੋ: ਜੇ ਜ਼ਰੂਰੀ ਨਾ ਹੋਵੇ ਤਾਂ ਪਹਾੜਾਂ ਵੱਲ ਜਾਣ ਤੋਂ ਕਰੋ ਗੁਰੇਜ, ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ


ਮੁੱਖ ਸਕੱਤਰ ਨੇ ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਨੂੰ ਕਿਹਾ ਕਿ ਜਦੋਂ ਤੱਕ ਪਾਣੀ ਦੀ ਸਪਲਾਈ ਘੱਟ ਹੈ ਤਾਂ ਉਹ ਚੰਡੀਗੜ ਵਾਲੇ ਪਾਣੀ ਦੇ ਹਿੱਸੇ ਵਜੋਂ ਚੰਡੀਮੰਦਰ ਦੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਤਾਂ ਜੋ ਭਾਰਤੀ ਸੈਨਾ ਦੇ ਪੱਛਮੀ ਕਮਾਂਡ ਦੇ ਹੈਡਕੁਆਟਰ ਸਥਿਤ ਸੈਨਾ ਦੇ ਅਫਸਰਾਂ ਤੇ ਜਵਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਪੂਰੀ ਤਰਾਂ ਨੁਕਸਾਨੀ ਗਈ ਪਾਣੀ ਦੀ ਪਾਈਪ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਉਤੇ ਕੀਤਾ ਜਾਵੇ।


ਮੁੱਖ ਸਕੱਤਰ ਨੇ ਪ੍ਰਮੁੱਖ ਸਕੱਤਰ ਜਲ ਸਰੋਤ ਨੂੰ ਸੈਨਾ ਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਨੂੰ ਨਾਲ ਲੈ ਕੇ ਕਜੌਲੀ ਵਾਟਰ ਵਰਕਸ ਵਾਲੀ ਥਾਂ ਦਾ ਦੌਰਾ ਕਰਕੇ ਉਥੇ ਪਾਣੀ ਦੇ ਪ੍ਰਬੰਧਨ ਲਈ ਰੇਤੇ ਦੀਆਂ ਬੋਰੀਆਂ ਲਗਾਉਣ ਅਤੇ ਪਾਣੀ ਦਾ ਪੱਧਰ ਘਟਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਨੁਕਸਾਨੀਆਂ ਪਾਈਪਾਂ ਦੀ ਮੁਰੰਮਤ ਦੇ ਕੰਮ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਰੂਪਨਗਰ ਜ਼ਿਲਾ ਪ੍ਰਸ਼ਾਸਨ ਨੂੰ ਇਹ ਕੰਮ ਤਰਜੀਹ ਦੇ ਆਧਾਰ ਉਤੇ ਕਰਨ ਲਈ ਆਖਿਆ।


ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਏ.ਕੇ.ਸਿਨਹਾ, ਪ੍ਰਮੁੱਖ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾੜ, ਪ੍ਰਮੁੱਖ ਸਕੱਤਰ ਜਲ ਸਰੋਤ ਕ੍ਰਿਸ਼ਨ ਕੁਮਾਰ, ਡਾਇਰੈਕਟਰ ਜਲ ਸਪਲਾਈ ਤੇ ਸੈਨੀਟੇਸ਼ਨ ਮੁਹੰਮਦ ਇਸ਼ਫਾਕ ਤੇ ਪੱਛਮੀ ਕਮਾਂਡ ਦੇ ਨੁਮਾਇੰਦੇ ਸਲਾਹਕਾਰ ਸਿਵਲ ਸੈਨਾ ਮਾਮਲੇ ਕਰਨਲ ਜੇ.ਐਸ.ਸੰਧੂ ਹਾਜ਼ਰ ਸਨ। ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਆਨਿੰਦਤਾ ਮਿਤਰਾ, ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਤੇ ਐਨ.ਡੀ.ਆਰ.ਐਫ. ਦੇ ਕਮਾਂਡੈਟ ਸੰਤੋਸ਼ ਕੁਮਾਰ ਵੀਡਿਓ ਕਾਨਫਰਸਿੰਗ ਰਾਹੀਂ ਹਾਜ਼ਰ ਹੋਏ।


ਇਹ ਵੀ ਪੜ੍ਹੋ: ਮੀਂਹ ਤੇ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, 24 ਘੰਟਿਆਂ 'ਚ 34 ਮੌਤਾਂ, CM ਵੱਲੋਂ ਮੁਆਵਜ਼ੇ ਦਾ ਐਲਾਨ