Punjab News : ਪੰਜਾਬ ਅੰਦਰ ਗੈਂਗਸਟਰ ਬਾਜ ਨਹੀਂ ਆ ਰਹੇ। ਪੁਲਿਸ ਦੀ ਸਖਤੀ ਦੇ ਬਾਵਜੂਦ ਉਹ ਸ਼ਰੇਆਮ ਧਮਕੀਆਂ ਦੇ ਕੇ ਫਿਰੌਤੀਆਂ ਮੰਗ ਰਹੇ ਹਨ। ਹੁਣ ਮਰਹੂਮ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਅੰਬੀਆਂ ਦੇ ਭਰਾ ਅੰਗਰੇਜ਼ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਹਨ।



ਐਸਐਸਪੀ ਜਲੰਧਰ (ਦਿਹਾਤੀ) ਸਵਰਨਦੀਪ ਸਿੰਘ ਨੇ ਡੀਐਸਪੀ ਦਫ਼ਤਰ ਸ਼ਾਹਕੋਟ ਵਿੱਚ ਅੰਗਰੇਜ਼ ਸਿੰਘ ਨਾਲ ਮੁਲਾਕਾਤ ਕਰਕੇ ਪਿਛਲੇ ਕਈ ਦਿਨਾਂ ਤੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਹੈ।

ਲੰਘੇ ਦਿਨ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿੱਚ ਐਸਐਸਪੀ ਨੇ ਮਰਹੂਮ ਦੇ ਭਰਾ ਤੋਂ ਧਮਕੀਆਂ ਸਬੰਧੀ ਜਾਣਕਾਰੀ ਲਈ ਤੇ ਛੇਤੀ ਹੀ ਇਸ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਡੀਐਸਪੀ ਸ਼ਾਹਕੋਟ ਗੁਰਪ੍ਰੀਤ ਸਿੰਘ ਗਿੱਲ ਕੋਲੋਂ ਇਲਾਕੇ ਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।

ਇੱਕ ਹੋਰ ਕਬੱਡੀ ਖਿਡਾਰੀ ਦੁਸ਼ਮਣੀ ਦੀ ਭੇਂਟ ਚੜ੍ਹਿਆ
ਉਧਰ, ਇੱਕ ਹੋਰ ਕਬੱਡੀ ਖਿਡਾਰੀ ਦੁਸ਼ਮਣੀ ਦੀ ਭੇਂਟ ਚੜ੍ਹ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ ਦਾ ਕਤਲ ਕਰ ਦਿੱਤਾ ਹੈ। ਇਹ ਵਾਰਦਾਤ ਬੋਹਾ ਨੇੜਲੇ ਪਿੰਡ ਸ਼ੇਰਖਾਂ ਵਾਲਾ ਵਿੱਚ ਹੋਈ ਹੈ। ਕਬੱਡੀ ਖਿਡਾਰੀ ਜੱਗੂ ਘਰ ਵਿੱਚ ਸੁੱਤਾ ਪਿਆ ਸੀ ਕਿ ਹਮਲਾਵਰਾਂ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਜਗਜੀਤ ਸਿੰਘ ਉਰਫ ਜੱਗੂ (24) ਵਜੋਂ ਹੋਈ ਹੈ।

ਹਾਸਲ ਜਾਣਕਾਰੀ ਅਨੁਸਾਰ ਜਗਜੀਤ ਆਪਣੇ ਪਿਤਾ ਬਾਬੂ ਸਿੰਘ ਨਾਲ ਘਰ ਵਿੱਚ ਸੁੱਤਾ ਪਿਆ ਸੀ ਤੇ ਅਣਪਛਾਤਿਆਂ ਨੇ ਘਰ ਦੀ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗਲਾ ਵੱਢ ਦਿੱਤਾ, ਜਿਸ ਕਾਰਨ ਮੌਕੇ ’ਤੇ ਹੀ ਜਗਜੀਤ ਦੀ ਮੌਤ ਹੋ ਗਈ। ਹਮਲਾਵਰ ਇੰਨੀ ਹੁਸ਼ਿਆਰੀ ਨਾਲ ਘਰ ’ਚ ਦਾਖ਼ਲ ਹੋਏ ਕਿ ਇਸ ਵਾਰਦਾਤ ਬਾਰੇ ਜਗਜੀਤ ਨੇੜੇ ਸੁੱਤੇ ਪਏ ਉਸ ਦੇ ਪਿਤਾ ਨੂੰ ਵੀ ਭਿਣਕ ਨਹੀਂ ਲੱਗੀ।

ਬਾਬੂ ਸਿੰਘ ਅਨੁਸਾਰ ਜਦੋਂ ਸਵੇਰੇ ਚਾਰ ਵਜੇ ਉਠ ਕੇ ਉਸ ਨੇ ਵੇਖਿਆ ਤਾਂ ਮੰਜੇ ’ਤੇ ਲਹੂ ਲੁਹਾਣ ਹੋਈ ਜਗਜੀਤ ਦੀ ਲਾਸ਼ ਪਈ ਸੀ। ਸੂਚਨਾ ਮਿਲਣ ਮਗਰੋਂ ਡੀਐਸਪੀ ਥਾਣਾ ਬੋਹਾ ਦੇ ਮੁਖੀ ਹਰਭਜਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਮੌਕੇ ’ਤੇ ਹਮਲਾਵਰ ਦੀ ਤਲਾਸ਼ ਲਈ ਖੋਜੀ ਕੁੱਤੇ ਵੀ ਮੰਗਵਾਏ, ਪਰ ਹਾਲੇ ਕੋਈ ਮੁਲਜ਼ਮ ਕਾਬੂ ਨਹੀਂ ਕੀਤਾ ਗਿਆ।