ਜਲੰਧਰ: ਪੁਲਿਸ ਨੇ ਜਲੰਧਰ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਕਾਰਵਾਈ ਜੰਮੂ-ਕਸ਼ਮੀਰ ਅਧਾਰਤ ਮਿਲਟਰੀ ਇੰਟੈਲੀਜੈਂਸ ਯੂਨਿਟ ਦੀ ਖੁਫੀਆ ਜਾਣਕਾਰੀ ਮਿਲਣ ਮਗਰੋਂ ਕੀਤੀ ਗਈ ਹੈ।


ਸੂਤਰਾਂ ਮੁਤਾਬਕ ਮੁਲਜ਼ਮ ਰਾਮ ਕੁਮਾਰ ਨੂੰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ, ਨੇ ਗ੍ਰਿਫਤਾਰ ਕੀਤਾ ਸੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਾਜ਼ਿਲਕਾ ਵਾਸੀ ਰਾਮ ਕੁਮਾਰ ਪਾਕਿਸਤਾਨੀ ਖੁਫੀਆ ਸੰਗਠਨਾਂ (ਪੀਆਈਓ) ਨਾਲ ਸੰਪਰਕ ਵਿੱਚ ਸੀ। ਉਹ ਉਨ੍ਹਾਂ ਨੂੰ ਸੰਵੇਦਨਸ਼ੀਲ ਫੌਜੀ ਜਾਣਕਾਰੀ ਦੇ ਰਿਹਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਤੇ ਚਾਰ ਸਿਮ ਕਾਰਡ ਬਰਾਮਦ ਕੀਤੇ ਹਨ।

ਪੁੱਛਗਿੱਛ ਮਗਰੋਂ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਪਾਕਿਸਤਾਨ ‘ਚ ਇੱਕ ਆਈਐਸਆਈ ਏਜੰਟ ਨਾਲ ਸੰਪਰਕ ਵਿੱਚ ਸੀ। ਉਸ ਨੂੰ ਭਾਰਤ-ਪਾਕਿ ਸਰਹੱਦ ਦੇ ਨਾਲ-ਨਾਲ ਭਾਰਤੀ ਫੌਜ ਯੂਨਿਟਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ।

ਜਾਸੂਸੀ ਏਜੰਟ ਨੇ ਆਪਣੇ ਪਾਕਿਸਤਾਨੀ ਹੈਂਡਲਰ ਨੂੰ WhatsApp ਰਾਹੀਂ ਸੰਵੇਦਨਸ਼ੀਲ ਫੌਜੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦੇਣ ਤੋਂ ਇਲਾਵਾ ਮੁਲਜ਼ਮ ਨੇ ਪਾਕਿਸਤਾਨੀ ਖੁਫੀਆ ਸੰਗਠਨਾਂ ਨੂੰ ਭਾਰਤੀ ਮੋਬਾਈਲ ਨੰਬਰ ਵੀ ਮੁਹੱਈਆ ਕਰਵਾਏ। ਇਸ ਨਾਲ ਦੇਸ਼ ਦੇ ਅੰਦਰ ਗੈਰ-ਕਾਨੂੰਨੀ ਗਤੀਵਿਧੀਆਂ ਕਰਨ ‘ਚ ਉਨ੍ਹਾਂ ਨੂੰ ਮਦਦ ਮਿਲੀ।

ਇਹ ਮਾਮਲਾ ਪੁਲਿਸ ਸਟੇਸ਼ਨ ਐਸਐਸਓਸੀ ਅੰਮ੍ਰਿਤਸਰ ਵਿੱਚ ਸਰਕਾਰੀ ਸੀਕ੍ਰੇਟ ਐਕਟ (OSA) 1923 ਦੇ ਸੈਕਸ਼ਨ 3, 4, 5, 9 ਤੇ ਆਈਪੀਸੀ ਦੇ 120-ਬੀ ਤਹਿਤ ਦਰਜ ਕੀਤਾ ਗਿਆ ਹੈ। ਮੁਲਜ਼ਮ ਰਾਮ ਕੁਮਾਰ ਨੂੰ ਸ਼ੁੱਕਰਵਾਰ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।