Punjab News: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਨਾਭਾ ਹਲਕੇ ਦੇ ਖੇਡਾਂ ਨਾਲ ਜੁੜੇ ਪਿੰਡ, ਖਾਸ ਕਰਕੇ ਵਾਲੀਬਾਲ ਖੇਡ ਦੇ ਖਿਡਾਰੀਆਂ ਲਈ ਅਹਿਮ ਪਿੰਡ ਫਤਿਹਪੁਰ ਵਿਖੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਵਾਲੀਬਾਲ ਤੇ ਬਾਸਕਟਬਾਲ ਖੇਡ ਦੇ ਮੈਦਾਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਅਤੇ ਯੂਥ ਪ੍ਰਧਾਨ ਹਲਕਾ ਨਾਭਾ ਲਾਲੀ ਫਤਿਹਪੁਰ ਵੀ ਮੌਜੂਦ ਸਨ।


ਖੇਡ ਮੰਤਰੀ ਨੇ ਪਿੰਡ ਫਤਿਹਪੁਰ ਦੇ ਨੌਜਵਾਨ ਦੀ ਖੇਡ ਪ੍ਰਤਿਭਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਖੁਸ਼ੀ ਵੱਲ ਗੱਲ ਹੈ ਕਿ ਜਿਥੇ ਇਸ ਪਿੰਡ ਦੇ ਪਹਿਲਾਂ ਹੀ ਦੋ ਦਰਜ ਤੋਂ ਵਧੇਰੇ ਨੌਜਵਾਨ ਖੇਡਾਂ ਦੇ ਕੋਟੇ ‘ਚੋ ਸਰਕਾਰੀ ਨੌਕਰੀਆਂ ਕਰ ਰਹੇ ਹਨ, ਉਥੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਪਿੰਡ ਦੇ ਨੌਜਵਾਨ ਖੇਡਾਂ ‘ਚ ਹੋਰ ਵੀ ਮੱਲਾ ਮਾਰਨਗੇ।


ਇਸ ਮੌਕੇ ਸਾਇੰਸ ਟੈਕਨਾਲੋਜੀ ਤੇ ਵਾਤਾਵਰਣ, ਪ੍ਰਸ਼ਾਸਕੀ ਸੁਧਾਰ ਅਤੇ ਜਲ ਸਰੋਤ, ਖਣਨ ਤੇ ਭੂ ਵਿਗਿਆਨ ਬਾਰੇ ਵਿਭਾਗਾਂ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਸੂਬੇ ਭਰ ਦੇ ਪਿੰਡਾਂ ‘ਚ ਖੇਡ ਮੈਦਾਨ ਬਣਾਏ ਜਾਣਗੇ, ਤਾਂ ਜੋ ਪੰਜਾਬ ਦੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੱਚਿਆਂ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ, ਬਸ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਦੀ ਜ਼ਰੂਰਤ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ ਵੀ ਬਣਾਈ ਜਾ ਰਹੀ ਹੈ।


ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਵਾਸੀਆਂ ਨੂੰ ਨਵੇਂ ਬਣਨ ਵਾਲੇ ਵਾਲੀਬਾਲ ਤੇ ਬਾਸਕਟਬਾਲ ਮੈਦਾਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਨਾਲ ਜਿਥੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਦਾ ਮੌਕਾ ਮਿਲੇਗਾ ਉਥੇ ਹੀ ਛੋਟੇ ਬੱਚਿਆਂ ‘ਚ ਖੇਡਣ ਦੀ ਨਵੀਂ ਚਿਣਗ ਪੈਦਾ ਹੋਵੇਗੀ।


ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ ਨੇ ਕਿਹਾ ਕਿ ਖਿਡਾਰੀਆਂ ਦੀ ਖੇਡ ਨੂੰ ਤਰਾਸ਼ਣ ਲਈ ਖੇਡ ਮੈਦਾਨ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਪੰਜਾਬ ਸਰਕਾਰ ਪਿੰਡ ‘ਚ ਖੇਡ ਸੱਭਿਆਚਾਰ ਵਿਕਸਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ, ਜਿਸ ਦੀ ਉਦਾਹਰਣ ਨਾਭਾ ਦੇ ਪਿੰਡ ਮੈਹਸ ਦੀ ਖਿਡਾਰਨ ਹਰਿੰਦਰ ਕੌਰ ਹੈ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਲੱਖਾਂ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ।


ਇਸ ਮੌਕੇ ਨਾਇਬ ਤਹਿਸੀਲਦਾਰ ਰਾਜਵਰਿੰਦਰ ਸਿੰਘ ਧਨੋਆਂ, ਮਨਮੋਹਨ ਸਿੰਘ, ਯੂਥ ਪ੍ਰਧਾਨ ਹਲਕਾ ਨਾਭਾ ਲਾਲੀ ਫਤਿਹਪੁਰ, ਸ਼ਹਿਰੀ ਯੂਥ ਪ੍ਰਧਾਨ ਸੰਦੀਪ ਸ਼ਰਮਾ, ਮਨਜੀਤ ਸਿੰਘ, ਮਨਦੀਪ ਸਿੰਘ, ਰਾਜਪਾਲ ਸਿੰਘ, ਹਰਪ੍ਰੀਤ ਸਿੰਘ, ਸ਼ਿੰਦਰ ਸਿੰਘ, ਮਨਪ੍ਰੀਤ ਸਿੰਘ ਧਾਰੋਕੀ, ਗੁਲਾਬ ਦੇਵ ਮਾਨ, ਕਪਿਲ ਦੇਵ ਮਾਨ ਤੇ ਪਿੰਡ ਦੇ ਪਤਵੰਤੇ, ਜਸਵਿੰਦਰ ਸਿੰਘ ਪ੍ਰਬੰਧਕ, ਨਗਰ ਨਿਵਾਸੀ, ਸਟਾਰ ਸਪੋਰਟਸ ਕਲੱਬ, ਬੀ.ਡੀ.ਪੀ.ਓ. ਅਸ਼ੋਕ ਕੁਮਾਰ, ਪੰਚਾਇਤ ਸਕੱਤਰ ਭਗਵੰਤ ਸਿੰਘ ਵੀ ਮੌਜੂਦ ਸਨ।