ਰੌਬਟ ਦੀ ਰਿਪੋਰਟ


ਚੰਡੀਗੜ੍ਹ: 15 ਮਈ ਨੂੰ ਜਗਰਾਓਂ ਦੀ ਦਾਣਾ ਮੰਡੀ 'ਚ ਕੁਝ ਅਣਪਛਾਤੇ ਨੌਜਵਾਨਾਂ ਵਲੋਂ CIA ਸਟਾਫ ਦੇ ਦੋ ASI ਨੂੰ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।ਇਸ ਦੌਰਾਨ ਇੱਕ ਹੋਰ ਮੁਲਾਜ਼ਮ ਦੀ ਮਸਾਂ ਹੀ ਜਾਨ ਬਚੀ ਸੀ।ਇਸ ਕੇਸ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਸੀ।ਜਿਨ੍ਹਾਂ ਵਿੱਚੋ ਦੋ ਨੂੰ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਜਦਕਿ ਦੋ ਨੂੰ ਅੱਜ ਕੋਲਕਾਤਾ ਵਿੱਚ ਹੋਏ ਐਕਨਕਾਉਂਟਰ ਦੌਰਾਨ ਮਾਰ ਦਿੱਤਾ ਗਿਆ ਹੈ।


ਕੋਲਕਾਤਾ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਉਂਟਰ ਕੀਤਾ ਗਿਆ ਹੈ।ਪੰਜਾਬ ਪੁਲਿਸ ਅਤੇ ਕੋਲਕਾਤਾ ਪੁਲਿਸ ਦੀ ਜੁਆਇੰਟ STF ਟੀਮ ਨੇ ਅਪ੍ਰੇਸ਼ਨ ਕਰਦੇ ਗੈਂਗਸਟਾਰ ਨੂੰ ਮਾਰ ਸੁੱਟਿਆ ਹੈ।ਇਸ ਦੌਰਾਨ ਜਸਪ੍ਰੀਤ ਜੱਸੀ ਨੂੰ ਵੀ ਐਨਕਾਉਂਟਰ ਵਿੱਚ ਮਾਰ ਦਿੱਤਾ ਗਿਆ ਹੈ।


ਇਹ ਗੈਂਗਸਟਰ 22-23 ਮਈ ਤੋਂ ਕੋਲਕਾਤਾ ਦੇ ਸ਼ਪੁਰਜੀ ਵਿੱਚ ਰਹਿ ਰਹੇ ਸੀ।ਜੈਪਾਲ ਤੇ ਕਤਲ, ਡਕੈਤੀ ਅਤੇ ਫਿਰੌਤੀ ਦੇ ਕਈ ਮਾਮਲੇ ਦਰਜ ਸੀ।ਉਹ ਸਾਲ 2016 ਵਿਚ, ਸੋਲਨ ਦੇ ਪਰਵਾਣੂ 'ਚ ਜਸਵਿੰਦਰ ਰੌਕੀ ਨੂੰ ਸਰੇਆਮ ਗੋਲੀਆਂ ਨਾਲ ਭੁੰਨ ਕੇ ਫਰਾਰ ਹੋ ਗਿਆ ਸੀ।ਇਸ ਤੋਂ ਬਾਅਦ 15 ਮਈ ਨੂੰ ਪੰਜਾਬ ਦੇ ਜਗਰਾਓਂ ਵਿੱਚ ਵੀ ਉਨ੍ਹਾਂ ਨੇ ਦੋ ਥਾਣੇਦਾਰਾਂ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ।ਇਸ ਵਾਰਦਾਤ ਤੋਂ ਬਾਅਦ ਉਹ ਫਰਾਰ ਚੱਲ ਰਿਹਾ ਸੀ ਅਤੇ ਪੰਜਾਬ ਪੁਲਿਸ ਉਸਦੀ ਭਾਲ ਲਈ ਥਾਂ-ਥਾਂ ਛਾਪੇਮਾਰੀ ਕਰ ਰਹੀ ਸੀ।


 




ASI ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ  ਦੀ ਤਸਵੀਰ 


 


ASI ਕਤਲ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਦੀ ਪਛਾਣ ਕੀਤੀ ਸੀ।ਜਿਸ ਵਿੱਚ ਜੈਪਾਲ ਭੁੱਲਰ ਵਾਸੀ ਦਸ਼ਮੇਸ਼ ਨਗਰ, ਫਿਰੋਜ਼ਪੁਰ, ਬਲਜਿੰਦਰ ਸਿੰਘ ਉਰਫ ਬੱਬੀ ਵਾਸੀ ਵੀਪੀਓ ਮਹੱਲਾ ਖੁਰਦ ਮੋਗਾ, ਜਸਪ੍ਰੀਤ ਸਿੰਘ ਵਾਸੀ ਸੈਕਟਰ 14, ਸਿਵਲ ਹਸਪਤਾਲ ਰੋਡ, ਖਰੜ ਤੇ ਦਰਸ਼ਨ ਸਿੰਘ ਵਾਸੀ ਪਿੰਡ ਸਾਹੌਲੀ ਲੁਧਿਆਣਾ ਵਜੋਂ ਹੋਈ ਸੀ। ਮੁਲਜ਼ਮਾਂ ਖਿਲਾਫ IPC ਦੀ ਧਾਰਾ 302,307, 353, 186, 34 ਤੇ ਅਸਲਾ ਐਕਟ ਦੀ ਧਾਰਾ 25, 27 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।


ਦੱਸ ਦੇਈਏ ਕਿ ਗੈਂਗਟਰਾਂ ਵੱਲੋਂ CIA ਸਟਾਫ ਦੇ ASI ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੋਲੀਆਂ ਮਾਰ ਹੱਤਿਆ ਕੀਤੀ ਗਈ ਸੀ।ਦਰਅਸਲ, ਇਹ ਪੁਲਿਸ ਮੁਲਾਜ਼ਮ ਕਿਸੇ ਕੇਸ ਦੀ ਤਫ਼ਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸੀ।ਇਸ ਦੌਰਾਨ ਉਹ ਇਕ ਟੈਂਕਰ ਦੀ ਤਲਾਸ਼ੀ ਲੈ ਰਹੇ ਸੀ ਕਿ ਅਚਾਨਕ ਇੱਕ ਆਈ 20 ਕਾਰ ਆਈ ਤੇ ਕਾਰ ਸਵਾਰਾਂ ਨੇ ਇਨ੍ਹਾਂ ਮੁਲਾਜ਼ਮਾਂ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ASI ਭਗਵਾਨ ਸਿੰਘ ਤੇ ASI ਬਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦਕਿ ਤੀਸਰਾ ਮੁਲਾਜ਼ਮ ਬਚ ਗਿਆ। ਮੌਕੇ ਤੋਂ ਕਾਰ ਸਵਾਰ ਆਪਣੇ ਸਾਥੀਆਂ ਸਮੇਤ ਟੈਂਕਰ ਲੈ ਕੇ  ਫਰਾਰ ਹੋ ਗਏ। 


ਇਸ ਵਾਰਦਾਤ ਵਿੱਚ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ 'ਤੇ ਸਾਹਮਣੇ ਆਇਆ ਸੀ ਅਤੇ ਬਾਕੀ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸੀ।ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਲਈ 19 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ। ਲੁਧਿਆਣਾ ਦਿਹਾਤੀ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਦੀ ਤਲਾਸ਼ ਲਈ ਉਨ੍ਹਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸੀ।


ਮੱਧ ਪ੍ਰਦੇਸ਼ ਚੋਂ ਪੰਜਾਬ ਦੀ ਓ.ਸੀ.ਸੀ. ਯੂਨਿਟ ਟੀਮ ਵਲੋਂ ਦੋ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।