ਅੰਮ੍ਰਿਤਸਰ : ਜਗਰੂਪ ਰੂਪਾ ਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਅੰਤਿਮ ਸਸਕਾਰ ਕਰਨ ਲਈ ਜਗਰੂਪ ਦੀ ਲਾਸ਼ ਲੈਣ ਪਹੁੰਚੇ ਹਨ ,ਹਾਲਾਂਕਿ ਪਹਿਲਾਂ ਉਸ ਵੱਲੋਂ ਇਨਕਾਰ ਕੀਤਾ ਗਿਆ ਸੀ।ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਪੁਲਿਸ ਨੇ ਬੀਤੇ ਕੱਲ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦਾ ਐਨਕਾਊਂਟਰ ਕਰ ਦਿੱਤਾ ਸੀ। 5 ਘੰਟੇ ਦੀ ਮੁੱਠਭੇੜ ਤੋਂ ਬਾਅਦ ਜਗਰੂਪ ਸਿੰਘ ਰੂਪਾ ਦੀ ਲਾਸ਼ AK47 ਦੇ ਨਾਲ ਮਿਲੀ। 

 

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਸ਼ੂਟਰ ਮਨਪ੍ਰੀਤ ਸਿੰਘ ਮਨੂੰ ਅਤੇ ਜਗਰੂਪ ਰੂਪਾ ਦੀ ਪੁਲਿਸ ਮੁਕਾਬਲੇ 'ਚ ਮੌਤ ਹੋਣ ਦੀ ਖ਼ਬਰ ਤੋਂ ਬਾਅਦ ਰੂਪਾ ਦੀ ਮਾਂ ਪਲਵਿੰਦਰ ਕੌਰ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ ਸੀ। ਹਾਲਾਂਕਿ ਉਸਦੇ ਪਿਤਾ ਨੇ ਕਿਹਾ - ਜੈਸੀ ਕਰਨੀ ,ਵੈਸੀ ਭਰਨੀ । ਮੇਰੇ ਬੇਟੇ ਨੇ ਮੂਸੇਵਾਲਾ ਨੂੰ ਗੋਲੀ ਮਾਰੀ ਸੀ, ਅੱਜ ਉਸਦੀ ਹਾਲਤ ਵੀ ਸਭ ਦੇ ਸਾਹਮਣੇ ਹੈ।


ਰੂਪਾ ਦੇ ਪਿਤਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਰਣਜੋਤ ਸਿੰਘ ਫੌਜ ਵਿੱਚ ਹੈ ਪਰ ਰੂਪਾ ਨਸ਼ੇ ਦਾ ਆਦੀ ਹੋ ਚੁੱਕਾ ਸੀ। ਇਸ ਕਾਰਨ ਉਸ ਨੂੰ ਬੇਦਾਖਿਲ ਕਰ ਦਿੱਤਾ ਗਿਆ ਸੀ, ਕਿਉਂਕਿ ਉਸ ਦੀਆਂ ਸ਼ਿਕਾਇਤਾਂ ਹਰ ਰੋਜ਼ ਆਉਂਦੀਆਂ ਰਹਿੰਦੀਆਂ ਸਨ। ਪੁਲਿਸ ਅਕਸਰ ਉਸਨੂੰ ਲੱਭਦੀ ਹੋਈ ਘਰ ਪਹੁੰਚ ਜਾਂਦੀ ਅਤੇ ਉਸਨੂੰ ਤੰਗ ਪ੍ਰੇਸ਼ਾਨ ਕਰਦੀ। ਇਸ ਕਾਰਨ ਉਸ ਨੂੰ ਜਾਇਦਾਦ ਤੋਂ ਬੇਦਖਲ ਕਰਕੇ ਸਬੰਧ ਤੋੜ ਦਿੱਤੇ।

ਪਿਤਾ ਨੇ ਦੱਸਿਆ ਕਿ ਉਸਨੇ ਕਈ ਵਾਰ ਰੂਪਾ ਨੂੰ ਗਲਤ ਕੰਮ ਛੱਡਣ ਲਈ ਸਮਝਾਇਆ ਪਰ ਉਹ ਨਹੀਂ ਸਮਝਿਆ। ਹੁਣ ਮੈਂ ਸਮਝਾਂਗਾ ਕਿ ਮੇਰਾ ਇੱਕ ਹੀ ਪੁੱਤਰ ਸੀ। ਮੈਂ ਆਪਣੇ ਦਿਲ ਉੱਤੇ ਪੱਥਰ ਰੱਖ ਲਿਆ ਹੈ। ਨਾ ਮੈਂ ਰੂਪਾ ਦੀ ਮ੍ਰਿਤਕ ਦੇਹ ਦੇਖਾਂਗਾ ਅਤੇ ਨਾ ਹੀ ਉਸਦਾ ਅੰਤਿਮ ਸਸਕਾਰ ਕਰਾਂਗਾ।

ਮਾਂ ਪਲਵਿੰਦਰ ਕੌਰ ਨੇ ਕਿਹਾ- ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇ ਰੂਪਾ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ ਤਾਂ ਰੂਪਾ ਨੂੰ ਵੀ ਗੋਲੀ ਮਾਰ ਦਿਓ। ਇੱਥੇ ਸਭ ਨੂੰ ਲੇਖਾ ਦੇਣਾ ਪਵੇਗਾ। ਰੂਪਾ ਦੀ ਮਾਂ ਨੇ ਦੱਸਿਆ ਕਿ ਜਗਰੂਪ ਕਈ ਸਾਲ ਪਹਿਲਾਂ ਗਲਤ ਸੰਗਤ ਵਿੱਚ ਪੈ ਗਿਆ ਸੀ। ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਕਦੇ ਉਹ ਘਰ ਆਉਂਦਾ ਸੀ ਤੇ ਕਦੇ ਉਹ ਕਦੇ ਨਹੀਂ ਆਉਂਦਾ ਸੀ।