Jalandhar News: ਜਲੰਧਰ ਵਾਸੀਆਂ ਲਈ ਖੁਸ਼ਖਬਰੀ ਹੈ। ਜ਼ਿਲ੍ਹੇ ਵਿੱਚ 34 ਹੋਰ ਆਮ ਆਦਮੀ ਕਲੀਨਿਕ ਖੁੱਲ੍ਹਣ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਤੇ ਹੈਲਪਰ ਸਮੇਤ ਚਾਰ ਅਧਿਕਾਰੀ/ਕਰਮਚਾਰੀਆਂ ਦੇ ਸਟਾਫ਼ ਦੀ ਤਾਇਨਾਤੀ ਦੇ ਨਾਲ-ਨਾਲ ਇੱਥੇ 41 ਤਰ੍ਹਾਂ ਦੇ ਡਾਕਟਰੀ ਟੈਸਟ ਮੁਫ਼ਤ ਕੀਤੇ ਜਾਣਗੇ ਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 



ਹਾਸਲ ਜਾਣਕਾਰੀ ਮੁਤਾਬਕ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ਦੀਆਂ 34 ਸਿਹਤ ਸੰਸਥਾਵਾਂ ’ਚ ਆਮ ਆਦਮੀ ਕਲੀਨਿਕਾਂ ਦੀ ਤਰਜ਼ ’ਤੇ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 26 ਪੇਂਡੂ ਤੇ ਅੱਠ ਸ਼ਹਿਰੀ ਪ੍ਰਾਇਮਰੀ ਹੈਲਥ ਸੈਂਟਰ ਸ਼ਾਮਲ ਹਨ।


ਅਰਬਨ ਪ੍ਰਾਇਮਰੀ ਹੈਲਥ ਸੈਂਟਰ ਭਾਰਗੋ ਕੈਂਪ, ਜਿਥੇ ਸਿਹਤ ਸੇਵਾਵਾਂ ਨੂੰ ਆਮ ਆਦਮੀ ਕਲੀਨਿਕਾਂ ਦੀ ਤਰਜ਼ ’ਤੇ ਅਪਗ੍ਰੇਡ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ, ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਿਹਤ ਸੰਸਥਾਵਾਂ ਵਿੱਚ ਆਮ ਆਦਮੀ ਕਲੀਨਿਕਾਂ ਵਰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਤੇ ਸਬੰਧਤ ਕਾਰਜਕਾਰੀ ਏਜੰਸੀਆਂ ਵੱਲੋਂ ਤੇਜ਼ੀ ਨਾਲ ਲੋੜੀਂਦੀਆਂ ਤਿਆਰੀਆਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਤਾਂ ਜੋ ਨਿਰਧਾਰਤ ਸਮੇਂ ’ਚ ਬਿਹਤਰ ਸਿਹਤ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣ।


ਇਹ ਵੀ ਪੜ੍ਹੋ: Farmers Protest : ਟੌਲ ਪਲਾਜ਼ਿਆਂ 'ਤੇ ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਹਾਈਕੋਰਟ ਦਾ ਸਖ਼ਤ ਨਿਰਦੇਸ਼ , ਜਾਣੋ ਕੀ ਕਿਹਾ


ਸਿਵਲ ਸਰਜਨ ਡਾ. ਰਮਨ ਸ਼ਰਮਾ ਸਮੇਤ ਸਿਹਤ ਸੰਸਥਾਵਾਂ ਵਿਖੇ ਚੱਲ ਰਹੇ ਕੰਮ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਅਰਜਨਵਾਲ, ਰਾਏਪੁਰ ਰਸੂਲਪੁਰ, ਜੰਡਿਆਲਾ, ਰੁੜਕਾ ਕਲਾਂ, ਪੰਡੌਰੀ ਨਿੱਜਰਾਂ, ਬੁਟਰਾਂ, ਉਗੀ, ਦਿਆਲਪੁਰ, ਦੋਸਾਂਝ ਕਲਾਂ, ਨਗਰ, ਬੋਲੀਨਾ, ਜਮਸ਼ੇਰ ਖਾਸ, ਰਾਏਪੁਰ ਫਰਾਲਾ, ਗੁਰਾਇਆ, ਬਲੋਕੀ, ਗਿੱਦੜਪਿੰਡੀ, ਲਸੂੜੀ, ਬਿਲਗਾ, ਕੋਟ ਬਾਦਲ ਖਾਂ, ਤਲਵਣ, ਮਾਓ ਸਾਹਿਬ, ਚਿੱਟੀ, ਰੰਧਾਵਾ ਮਸੰਦਾ, ਮੱਲੀਆਂ ਕਲਾਂ, ਸਰੀਂਹ ਅਤੇ ਰੂਪੇਵਾਲ ਅਤੇ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਧੰਨੋਵਾਲੀ, ਕਾਜ਼ੀ ਮੰਡੀ, ਮਕਸੂਦਾਂ, ਭਾਰਗੋ ਕੈਂਪ, ਬਸਤੀ ਦਾਨਿਸ਼ਮੰਦਾ, ਸੀਡੀ ਗਾਂਧੀ ਨਗਰ, ਨਾਗਰਾ ਅਤੇ ਦਕੋਹਾ ਸ਼ਾਮਲ ਹਨ, ਜਿਥੇ ਸਿਹਤ ਸੇਵਾਵਾਂ ਨੂੰ ਆਮ ਆਦਮੀ ਕਲੀਨਿਕਾਂ ਦੀ ਤਰਜ਼ ’ਤੇ ਅਪਗ੍ਰੇਡ ਕੀਤਾ ਜਾ ਰਿਹਾ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।