Jalandhar News: ਜਲੰਧਰ ਦੇ ਲਤੀਫਪੁਰਾ ਵਿੱਚ ਲੋਕਾਂ ਦੇ ਘਰ ਢਾਹੁਣ ਦਾ ਮਾਮਲਾ ਉਲਝਦਾ ਜਾ ਰਿਹਾ ਹੈ। ਉਜਾੜੇ ਗਏ ਲੋਕ ਪੰਜਾਬ ਸਰਕਾਰ ਖਿਲਾਫ ਡਟ ਗਏ ਹਨ। ਲਤੀਫਪੁਰਾ ਮਸਲੇ ਦੇ ਨਿਬੇੜੇ ਲਈ ਪੰਜਾਬ ਸਰਕਾਰ ਤਰਫੋਂ ਸ਼ਨੀਵਾਰ ਨੂੰ ਵਿਧਾਇਕ ਬਲਕਾਰ ਸਿੰਘ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਰੱਖੀ ਮੀਟਿੰਗ ’ਚੋਂ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚੇ ਨੇ ਵਾਕਆਊਟ ਕਰ ਦਿੱਤਾ।
ਹਾਸਲ ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਕਾਫੀ ਉਡੀਕ ਕਰਵਾਉਣ ਉਪਰੰਤ ਜਦੋਂ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਹਾਜ਼ਰ ਨਾ ਹੋਇਆ ਤਾਂ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਤੇ ਪੀੜਤ ਪਰਿਵਾਰਾਂ ਨੇ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ। ਆਗੂਆਂ ਨੇ ਐਲਾਨ ਕੀਤਾ ਕਿ ਲੋਕਾਂ ਨੂੰ ਉਜਾੜਨ ਤੇ ਸਰਕਾਰ ਦੀ ਬੇਰੁਖੀ ਖ਼ਿਲਾਫ਼ ਅੱਜ ਪਹਿਲੀ ਜਨਵਰੀ ਨੂੰ ਪੀਏਪੀ ਚੌਕ ’ਤੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਕੌਮੀ ਮਾਰਗ ਜਾਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਜਾੜੇ ਵਾਲੀ ਜਗ੍ਹਾ ’ਤੇ ਹੀ ਪੀੜਤ ਲੋਕਾਂ ਦਾ ਮੁੜ ਵਸੇਬਾ ਕਰਨ, ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੇ ਮਾੜਾ ਵਿਹਾਰ ਕਰਨ ਵਾਲੇ ਡੀਸੀਪੀ ਖ਼ਿਲਾਫ਼ ਕਾਰਵਾਈ ਕਰਨ ਵਰਗੀਆਂ ਮੰਗਾਂ ਦੇ ਨਿਪਟਾਰੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਧਰ, ਪੰਜਾਬ ਸਰਕਾਰ ਨੇ ਬੀਤੇ ਦਿਨੀਂ ਹਾਈ ਕੋਰਟ ਦੇ ਹੁਕਮਾਂ ’ਤੇ ਲਤੀਫ਼ਪੁਰਾ ਵਿੱਚ ਬੇਘਰ ਕੀਤੇ ਸੈਂਕੜੇ ਲੋਕਾਂ ਦੇ ਮੁੜ ਵਸੇਬੇ ਦੀ ਤਿਆਰੀ ਖਿੱਚ ਲਈ ਹੈ। ਇਸ ਲਈ ਸਰਕਾਰ ਨੇ ਮੁੜ ਵਸੇਬਾ ਸਕੀਮ ਅਧੀਨ ਅਰਜ਼ੀਆਂ ਮੰਗ ਲਈਆਂ ਹਨ। ਸਰਕਾਰ ਨੇ ਐਲਾਨ ਕੀਤਾ ਕਿ ਲੋਕ ਮੁੜ ਵਸੇਬੇ ਲਈ 7 ਦਿਨਾਂ ’ਚ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।
ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇ ‘ਆਪ’ ਦੇ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਮੁੜ ਵਸੇਬਾ ਸਕੀਮ ਅਧੀਨ ਦਰਖਾਸਤ ਕਰਤਾ ਆਪਣੀ ਰਿਹਾਇਸ਼ ਦੇ ਸਬੂਤ, ਵੋਟਰ ਕਾਰਡ ਤੇ ਆਧਾਰ ਕਾਰਡ ਨਾਲ ਨੱਥੀ ਕਰਕੇ ਸਾਰੇ ਦਸਤਾਵੇਜ਼ ਜਲੰਧਰ ਇੰਪਰੂਵਮੈਂਟ ਟਰੱਸਟ ਜਾਂ ਡਿਪਟੀ ਕਮਿਸ਼ਨਪ ਜਲੰਧਰ ਦੇ ਦਫ਼ਤਰ ਵਿੱਚ 7 ਦਿਨਾਂ ਦੇ ਅੰਦਰ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਲਾਟ ਕੀਤੇ ਫਲੈਟਾਂ ਨੂੰ ਸਿਰਫ਼ ਰਿਹਾਇਸ਼ ਲਈ ਵਰਤਿਆ ਜਾਵੇਗਾ ਤੇ 5 ਸਾਲ ਤੱਕ ਵੇਚਿਆ ਨਹੀਂ ਜਾ ਸਕੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।