ਜਲੰਧਰ: ਸੋਮਵਾਰ ਸਵੇਰੇ ਜਲੰਧਰ-ਫਗਵਾੜਾ ਹਾਈਵੇਅ 'ਤੇ ਇੱਕ ਭਿਆਨਕ ਸੜਕ ਹਾਦਸਾ ਨੇ ਸਭ ਦਾ ਦਿਲ ਦਹਿਲਾ ਦਿੱਤਾ। ਸਵੇਰੇ ਕਰੀਬ ਸਾਢੇ ਅੱਠ ਵਜੇ ਦੋ ਲੜਕੀਆਂ ਨੂੰ ਧਨੋਵਾਲੀ ਪਿੰਡ ਕੋਲ ਸੜਕ ਪਾਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਵਿੱਚ ਇੱਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੂਜੀ ਗੰਭੀਰ ਰੂਪ 'ਚ ਜ਼ਖਮੀ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਘਟਨਾ ਮਗਰੋਂ ਲੋਕਲ ਲੋਕਾਂ ਨੇ ਹਾਈਵੇਅ ਜਾਮ ਕਰ ਦਿੱਤਾ ਜਿਸ ਨਾਲ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ।





ਮ੍ਰਿਤਕ ਦੀ ਪਛਾਣ ਨਵਜੋਤ ਕੌਰ ਵਾਸੀ ਪਿੰਡ ਧਨੋਵਾਲੀ ਵਜੋਂ ਹੋਈ ਹੈ। ਦੋਨੋਂ ਇੱਕ ਕਾਰ ਸ਼ੋਅਰੂਮ 'ਚ ਕੰਮ ਕਰਦੀਆਂ ਸੀ ਤੇ ਸਵੇਰੇ ਪੈਦਲ ਕੰਮ 'ਤੇ ਜਾ ਰਹੀਆਂ ਸੀ ਜਦੋਂ ਇਹ ਹਾਦਸਾ ਵਾਪਰਿਆ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਜਿਸ ਹੁਸ਼ਿਆਰਪੁਰ ਨੰਬਰ ਬ੍ਰੇਜ਼ਾ ਗੱਡੀ ਨੇ ਟੱਕਰ ਮਾਰੀ, ਉਹ ਪੰਜਾਬ ਪੁਲਿਸ ਦੇ ਥਾਣੇਦਾਰ ਅੰਮ੍ਰਿਤਪਾਲ ਸਿੰਘ ਦੀ ਸੀ ਜਿਸ ਨੂੰ ਪੁਲਿਸ ਗ੍ਰਿਫ਼ਤਾਰ ਕਰ ਲਿਆ ਹੈ। ਹੁਸ਼ਿਆਰਪੁਰ ਵਾਸੀ ਅੰਮ੍ਰਿਤਪਾਲ ਹਰੀਕੇ ਪੱਤਣ ਤਾਇਨਾਤ ਹੈ।


 




ਘਟਨਾ ਮਗਰੋਂ ਲੋਕਲ ਲੋਕ ਇਕੱਠੇ ਹੋ ਗਏ ਤੇ ਹਾਈਵੇਅ ਜਾਮ ਕਰ ਦਿੱਤਾ। ਉਹ ਧਰਨੇ ਤੇ ਬੈਠ ਗਏ ਤੇ ਕਾਰ ਚਾਲਕ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ ਜਿਸ ਨਾਲ ਜਲੰਧਰ ਕੈਂਟ ਤੱਕ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਜਲੰਧਰ ਪੁਲਿਸ ਲੋਕਾਂ ਨਾਲ ਗੱਲਬਾਤ ਕਰਕੇ ਟ੍ਰੈਫਿਕ ਚਾਲੂ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।