Punjab News: 5 ਅਪ੍ਰੈਲ ਨੂੰ ਪਟਿਆਲਾ ਵਿੱਚ ਯੂਨੀਵਰਸਿਟੀ ਦੇ ਬਾਹਰ ਹੋਏ ਕਬੱਡੀ ਪ੍ਰਮੋਟਰ ਧਰਮਿੰਦਰ ਦੇ ਕਤਲ ਵਿੱਚ ਪੁਲਿਸ ਨੇ 7 ਲੋਕਾਂ ਨੂੰ ਆਪਣੀ ਹਿਰਾਸਤ ਵਿਚ ਲਿਆ ਹੈ ਜਿਨ੍ਹਾਂ ਵਿਚੋਂ 4 ਦੋਸ਼ੀ ਅਤੇ 3 ਪਨਾਹ ਦੇਣ ਵਾਲੇ ਵਿਅਕਤੀ ਹਨ। ਪਰ ਪੁਲਿਸ ਨੇ ਜਿਨ੍ਹਾਂ ਮੁੱਖ ਦੋਸ਼ੀਆਂ ਦੇ ਨਾਮ ਪਰਚਾ ਦਰਜ ਕੀਤਾ ਸੀ ਉਹ ਫਿਲਹਾਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦ ਉਨ੍ਹਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ ਜਾਵੇਗਾ । ਇਸ ਸਬੰਧੀ ਪੁਲਿਸ ਪਾਰਟੀਆਂ ਵੱਲੋਂ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਐੱਸ.ਐੱਸ.ਪੀ ਨਾਨਕ ਸਿੰਘ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਉਨ੍ਹਾਂ ਵਿਚ ਨਵੀਂ ਸ਼ਰਮਾ, ਵਰਿੰਦਰ ਸਿੰਘ ਬਾਵਾ, ਪ੍ਰਿਤਪਾਲ ਸਿੰਘ ਅਤੇ ਬਹਾਦਰ ਸਿੰਘ ਸ਼ਾਮਲ ਹਨ ਜਦੋਂ ਕਿ ਪਨਾਹ ਦੇਣ ਵਾਲਿਆਂ ਦੇ ਨਾਮ ਤਰਸੇਮ ਲਾਲ ਸਤਵਿੰਦਰ ਸਿੰਘ ਅਤੇ ਗੁਰਲਾਲ ਸਿੰਘ ਹਨ। ਪਰ ਸਵਾਲ ਇਹ ਉਠ ਰਿਹਾ ਹੈ ਕਿ ਮੁੱਖ ਦੋਸ਼ੀ ਜਿਨ੍ਹਾਂ ਵਿਚੋਂ ਹਰਵੀਰ ਸਿੰਘ ਜਿਸਦਾ ਧਰਮਿੰਦਰ ਦੇ ਨਾਲ ਤਕਰਾਰ ਚਲ ਰਹੀ ਸੀ ਉਹ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ । ਇਸਦੇ ਨਾਲ ਹਰਮਨ ਅੰਗ ਤੇਜਿੰਦਰ ਸਿੰਘ ਫੌਜੀ ਅਤੇ ਯੋਗਸਵਰ ਬੋਨੀ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਏ ਹਨ।
ਐੱਸ.ਐੱਸ.ਪੀ ਨਾਨਕ ਸਿੰਘ ਅਨੁਸਾਰ ਇਸ ਕਤਲ ਵਿਚ ਕੋਈ ਗੈਂਗਸਟਰ ਕਨੈਕਸ਼ਨ ਅਤੇ ਕਬੱਡੀ ਕਨੈਕਸ਼ਨ ਨਹੀਂ ਵੇਖਣ ਨੂੰ ਮਿਲਿਆ ਪਰ ਯੂਨੀਵਰਸਿਟੀ ਵਿੱਚ ਕੁਝ ਗੈਂਗਸਟਰ ਦੀਆਂ ਫੋਟੋ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਪੋਸਟਰਾਂ ਦੀ ਜਾਂਚ ਪੁਲਿਸ ਜਰੂਰ ਕਰ ਰਹੀ ਹੈ।
ਦਸ ਦਈਏ ਕਿ 5 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਦੋ ਗੁੱਟਾਂ ਵਿੱਚ ਫਾਈਰਿੰਗ ਹੋਣ ਨਾਲ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਪਿੰਡ ਦੌਣ ਕਲਾਂ ਵਜੋਂ ਹੋਈ ਸੀ ਫਾਇਰਿੰਗ ਦੀ ਘਟਨਾ CCTV 'ਚ ਵੀ ਕੈਦ ਹੋ ਗਈ ਸੀ।
ਸਾਹਮਣੇ ਆਈ CCTV ਫੁੱਟੇਜ 'ਚ ਵੇਖਿਆ ਗਿਆ ਕਿ ਦੋ ਨਕਾਬਪੋਸ਼ ਨੌਜਵਾਨਾਂ ਨੇ ਧਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।ਗੋਲੀ ਲੱਗਣ ਕਾਰਨ ਧਰਮਿੰਦਰ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬੀਤੀ ਰਾਤ ਤਕਰੀਬਨ 45 ਮਿੰਟ ਤੱਕ ਇਹ ਝਗੜਾ ਚਲਦਾ ਰਿਹਾ, ਜਿਸ ਤੋਂ ਬਾਅਦ ਨਕਾਬਪੋਸ਼ਾਂ ਨੇ ਪਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ।