Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਮਾਮਲਾ ਗਰਮਾ ਗਿਆ ਹੈ। ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਦਾ ਵਿਰੋਧ ਕੀਤਾ ਹੈ। ਉਧਰ, ਬਿਕਰਮ ਮਜੀਠੀਆ ਨੇ ਇਸ ਨੂੰ ਪਰਿਵਾਰਕ ਮਾਮਲਾ ਦੱਸਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਇੱਥੋਂ ਕਹਿ ਦਿੱਤਾ ਕਿ ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਸਲਾ ਹੈ ਤੁਸੀਂ ਇਸ ਵਿੱਚ ਨਾ ਪਵੋ। 


ਦਰਅਸਲ ਲੰਘੇ ਦਿਨ ਲੁਧਿਆਣਾ ਵਿੱਚ ਪੱਤਰਕਾਰਾਂ ਨੇ ਜਦੋਂ ਬਿਕਰਮ ਮਜੀਠੀਆ ਨੂੰ ਸੁਖਬੀਰ ਬਾਦਲ ਵੱਲੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਵਿੱਚੋਂ ਕੱਢਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ,‘ਇਹ ਸਾਡੇ ਪਰਿਵਾਰ ਦਾ ਅੰਦਰੂਨੀ ਮਸਲਾ ਹੈ, ਤੁਸੀਂ ਇਸ ਵਿੱਚ ਨਾ ਪਵੋ।’ ਮਜੀਠੀਆ ਨੇ ਕਿਹਾ,‘ਕੈਰੋਂ ਮੇਰੇ ਭਾਈਏ ਦਾ ਭਾਈਆ ਹੈ। ਮੈਂ ਤਾਂ ਆਪਣੇ ਭਾਈਏ ਬਾਰੇ ਕੁਝ ਨਹੀਂ ਕਹਿਣਾ, ਉਸ ਦੇ ਭਾਈਏ ਬਾਰੇ ਕਿਵੇਂ ਕੁਝ ਕਹਾਂਗਾ। ਇਹ ਪਰਿਵਾਰਿਕ ਮਾਮਲਾ ਹੈ ਇਸ ਨੂੰ ਪਰਿਵਾਰਿਕ ਹੀ ਰਹਿਣ ਦਿਓ।’



ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਵੱਲੋਂ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦੀ ਨਿੰਦਾ ਕੀਤੀ ਹੈ। ਇਸ ਨੂੰ ਪਾਰਟੀ ਦੇ ਸਿਧਾਂਤਾਂ ਤੇ ਉਲਟ ਕਰਾਰ ਦਿੱਤਾ ਹੈ। ਢੀਂਡਸਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਦੇ ਸੀਨੀਅਰ ਆਗੂ ਐਸਜੀਪੀਸੀ ਮੈਂਬਰ ਤੇ ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਨੂੰ ਬਿਨਾਂ ਕਿਸੇ ਨਾਲ ਸਲਾਹ ਮਸ਼ਵਰੇ ਤੋਂ ਪਾਰਟੀ ਤੋਂ ਕੱਢ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਵਾਪਸ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਸੀ। 


ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਪਾਰਟੀ ਦੇ ਹਿੱਤ ਵਿੱਚ ਨਹੀਂ। ਇਸ ਨਾਲ ਪਾਰਟੀ ਦਾ ਅਕਸ ਖਰਾਬ ਹੁੰਦਾ ਹੈ। ਇਸ ਲਈ ਪਾਰਟੀ ਨੂੰ ਅਜਿਹੇ ਫੈਸਲੇ ਲੈਣ ਤੋ ਗੁਰੇਜ਼ ਕਰਨਾ ਚਾਹੀਦਾ ਹੈ। ਢੀਂਡਸਾ ਨੇ ਕਿਹਾ ਕਿ ਕੈਰੋਂ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਯੋਗਦਾਨ ਹੈ। ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਦਿੱਗਜ ਆਗੂ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਢਣ ਦਾ ਫੈਸਲਾ ਬੇਹੱਦ ਮੰਦਭਾਗਾ ਤੇ ਪਾਰਟੀ ਦੇ ਹਿੱਤਾਂ ਖਿਲਾਫ ਹੈ।


ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀਨੀਅਰ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਮਾਮਲਾ ਗਰਮਾ ਗਿਆ ਹੈ। ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਇਸ ਦਾ ਵਿਰੋਧ ਕੀਤਾ ਹੈ।