ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਕੀਮਾਂ ਵਾਲੇ ਕੰਮ ਜ਼ਿਆਦਾ ਚਿਰ ਨਹੀਂ ਚੱਲਦੇ। ਇਹ ਸ਼ਾਰਟ ਕੱਟ ਵਾਲੇ ਜੁਗਾੜ ਜ਼ਿਆਦਾ ਚਿਰ ਨਹੀਂ ਚੱਲਦੇ। ਅਹਿਮ ਗੱਲ਼ ਹੈ ਕਿ ਇੱਕ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਕੇਜਰੀਵਾਲ ਨੇ ਸਿੱਧੂ ਦਾਂ ਤਾਰੀਫਾਂ ਦੇ ਪੁਲ ਬੰਨ੍ਹੇ ਸੀ। ਇਸ ਦੇ ਉਲਟ ਅੱਜ ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਚੰਗੇ ਰਗੜੇ ਲਾਏ।



ਉਨ੍ਹਾਂ ਕਿਹਾ ਕਿ ਇੱਕ ਲੱਖ 10 ਹਜ਼ਾਰ ਕਰੋੜ ਦੇ ਐਲਾਨ ਕੇਜਰੀਵਾਲ ਸਾਫ ਕਰ ਗਏ ਹਨ ਪਰ ਪੰਜਾਬ ਦਾ ਬਜਟ ਸਿਰਫ਼ 72 ਹਜ਼ਾਰ ਕਰੋੜ ਹੈ। ਇੰਨਾ ਪੈਸਾ ਕਿੱਥੋਂ ਆਵੇਗਾ, ਇਸ ਬਾਰੇ ਕੇਜਰੀਵਾਲ ਸਾਹਿਬ ਕੋਲੋਂ ਜਵਾਬ ਲਵੋ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖਜ਼ਾਨਾ ਭਰਨਾ ਸ਼ੀਲਾ ਦੀਕਸ਼ਿਤ ਹੋਰਾਂ ਨੇ ਸਿਖਾਇਆ ਸੀ ਕੇਜਰੀਵਾਲ ਸਾਹਿਬ ਤਾਂ ਅੰਨਾ ਹਜ਼ਾਰੇ ਦੇ ਮੋਢਿਆਂ 'ਤੇ ਚੜ੍ਹ ਕੇ ਸਿਆਸਤ ਵਿੱਚ ਆ ਗਏ।

ਦਰਅਸਲ ਕੇਜਰੀਵਾਲ ਨੇ ਪੰਜਾਬ ਦੌਰੇ ਦੌਰਾਨ ਕਿਹਾ ਸੀ ਕਿ ਨਵਜੋਤ ਸਿੱਧੂ ਪੰਜਾਬ ਦੇ ਮੁੱਦੇ ਚੁੱਕਦੇ ਹਨ। ਉਹ ਅਜਿਹਾ ਕਰਕੇ ਸਹੀ ਕਰ ਰਹੇ ਹਨ। ਕੇਜਰੀਵਾਲ ਵੱਲੋਂ ਸਿੱਧੂ ਦੀ ਤਾਰੀਫ ਨੇ ਨਵੇਂ ਚਰਚੇ ਛੇੜ ਦਿੱਤੇ ਸੀ। ਇਸ ਦੇ ਉਲਟ ਅੱਜ ਸਿੱਧੂ ਨੇ ਕੇਜਰੀਵਾਲ ਵੱਲੋਂ ਪੰਜਾਬੀਆਂ ਲਈ ਕੀਤੇ ਐਲਾਨਾਂ ਉੱਪਰ ਹੀ ਸਵਾਲ ਉਠਾ ਦਿੱਤੇ ਹਨ।

ਦੱਸ ਦਈਏ ਕਿ ਕੇਜਰੀਵਾਲ ਨੇ ਅਧਿਆਪਕਾਂ ਨੂੰ ਅੱਠ ਗਰੰਟੀਆਂ ਦਿੱਤੀਆਂ ਸੀ। ਇਨ੍ਹਾਂ ਵਿੱਚ ਪੰਜਾਬ 'ਚ ਸਿੱਖਿਆ ਦੇ ਖੇਤਰ ਵਿੱਚ ਦਿੱਲੀ ਵਰਗਾ ਮਾਹੌਲ ਸਿਰਜਣਾ, ਆਊਟਸੋਰਸਿੰਗ ਤੇ ਠੇਕਾ ਭਰਤੀ ਟੀਚਰਾਂ ਨੂੰ ਪੱਕਾ ਕਰਨਾ, ਪਾਰਦਰਸ਼ੀ ਬਦਲੀ ਨੀਤੀ ਲਾਗੂ ਕਰਨਾ, ਅਧਿਆਪਕਾਂ ਤੋਂ ਨਾਨ ਟੀਚਿੰਗ ਕੰਮ ਲੈਣਾ ਬੰਦ ਕਰਨਾ, ਖ਼ਾਲੀ ਅਸਾਮੀਆਂ 'ਤੇ ਪੱਕੀ ਭਰਤੀ ਕਰਨਾ, ਅਧਿਆਪਕਾਂ ਨੂੰ ਟ੍ਰੇਨਿੰਗ ਲਈ ਵਿਦੇਸ਼ ਭੇਜਣਾ, ਨਵੀਂ ਤਰੱਕੀਆਂ ਲਈ ਨਵੀਂ ਪਾਰਦਰਸ਼ੀ ਨੀਤੀ ਲੈ ਕੇ ਆਉਣਾ ਤੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਕੈਸ਼ਲੈਸ ਮੈਡੀਕਲ ਸਹੂਲਤ ਦੇਣਾ ਸ਼ਾਮਲ ਹੈ।

ਵਪਾਰੀਆਂ ਲਈ ਕੇਜਰੀਵਾਲ ਦੇ ਐਲਾਨ
ਅੰਮ੍ਰਿਤਸਰ ਵਿੱਚ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਰਲ-ਮਿਲ ਕੇ ਕਾਰੋਬਾਰੀ ਕ੍ਰਾਂਤੀ ਲਿਆਉਣ ਦੇ ਸੱਦੇ ਬਾਰੇ। ਕੇਜਰੀਵਾਲ ਨੇ ਵਪਾਰ, ਕਾਰੋਬਾਰ ਤੇ ਉਦਯੋਗਿਕ ਵਿਕਾਸ ਲਈ 7 ਗਰੰਟੀਆਂ ਦਾ ਐਲਾਨ ਵੀ ਕੀਤਾ। ਇਨ੍ਹਾਂ ਗਰੰਟੀਆਂ 'ਚ ਇੱਕ ਕਮਿਸ਼ਨ ਬਣਾਉਣਾ, ਇੰਸਪੈਕਟਰੀ ਰਾਜ ਖ਼ਤਮ ਕਰਨਾ, ਵੈਟ ਰਿਫੰਡ ਨਿਸ਼ਚਿਤ ਕਰਨਾ, ਬਿਜਲੀ ਸਪਲਾਈ ਪੱਕੀ ਕਰਨਾ, ਪੰਜਾਬ ਬਾਜ਼ਾਰ ਪੋਰਟਲ ਬਣਾਉਣਾ, ਕਾਨੂੰਨ ਵਿਵਸਥਾ ਸੁਧਾਰਨਾ ਤੇ ਫੋਕਲ ਪੁਆਇੰਟਾਂ ਦਾ ਨਿਰਮਾਣ ਤੇ ਵਿਕਾਸ ਕਰਨਾ ਸ਼ਾਮਲ ਹੈ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਪੰਜਾਬ ਵਿੱਚ ਕਾਰੋਬਾਰੀਆਂ ਲਈ ਉਚਿੱਤ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਛੇਵੀਂ ਗਰੰਟੀ ਦਿੱਤੀ। ਉਨ੍ਹਾਂ ਕਿਹਾ ਕਿ ਕਾਰੋਬਾਰੀ ਸ਼ਾਂਤੀ ਪਸੰਦ ਕਰਦੇ ਹਨ ਤੇ ਸ਼ਾਂਤਮਈ ਮਾਹੌਲ ਵਿੱਚ ਹੀ ਵਪਾਰ ਤੇ ਉਦਯੋਗ ਤਰੱਕੀ ਕਰਦੇ ਹਨ। ਇਸ ਲਈ ਕਾਰੋਬਾਰੀਆਂ ਲਈ ਸੁਰੱਖਿਆ ਦੇ ਵੱਖਰੇ ਪ੍ਰਬੰਧ ਕੀਤੇ ਜਾਣਗੇ। ਫੋਕਲ ਪੁਆਇੰਟਾਂ ਬਾਰੇ ਕੇਜਰੀਵਾਲ ਨੇ 7ਵੀਂ ਗਰੰਟੀ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਦਿੱਤੀ। ਉਨ੍ਹਾਂ ਕਿਹਾ ਪੰਜਾਬ ਵਿੱਚ ਉਦਯੋਗਾਂ ਤੇ ਕਾਰੋਬਾਰ ਲਈ ਨਵੇਂ ਫੋਕਲ ਪੁਆਇੰਟ ਬਣਾਏ ਜਾਣਗੇ ਤੇ ਪੁਰਾਣੇ ਪੁਆਇੰਟਾਂ ਵਿੱਚ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇਗਾ।