Delhi Election: ਦਿੱਲੀ ਵਿੱਚ ਅਗਲੇ ਸਾਲ ਫਰਵਰੀ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਆਪਣੀ ਚੋਣ ਤਿਆਰੀਆਂ ਦੇ ਹਿੱਸੇ ਵਜੋਂ, ਸੱਤਾਧਾਰੀ ਪਾਰਟੀ 'ਆਪ' ਨੇ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। 'ਆਪ' ਨੇ ਅੱਜ (15 ਦਸੰਬਰ) ਚੌਥੀ ਅਤੇ ਆਖਰੀ ਸੂਚੀ ਜਾਰੀ ਕੀਤੀ, ਜਿਸ 'ਚ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਆਤਿਸ਼ੀ ਵਰਗੇ ਵੱਡੇ ਨਾਂਅ ਸ਼ਾਮਲ ਹਨ। ਇਸ ਲਿਸਟ ਨੂੰ ਲੈ ਕੇ ਬਿਕਰਮ ਸਿੰਘ ਮਜੀਠੀਆ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਵੇਖ ਲਓ ਜੀ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕੰਮ,ਪੰਜਾਬ ’ਚ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾਉਣ ਦੇ ਮੁਜ਼ਰਮ/ਦੋਸ਼ੀ ਨਰੇਸ਼ ਯਾਦਵ ਨੂੰ ਇਨਾਮ ਦੇ ਰੂਪ ਵਿੱਚ ਮਹਿਰੌਲੀ ਤੋਂ ਵਿਧਾਨ ਸਭਾ ਟਿਕਟ ਦੇ ਦਿੱਤੀ ਹੈ ਜਿਸ ਵਿਅਕਤੀ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ, ਕੇਜਰੀਵਾਲ ਸਾਬ੍ਹ ਉਸਨੂੰ ਦਿੱਲੀ ਵਿਧਾਨ ਸਭਾ ਦਾ ਫਿਰ ਤੋਂ ਮੈਂਬਰ ਬਣਾਉਣਾ ਚਾਹੁੰਦੇ ਹਨ।
ਮਜੀਠੀਆ ਨੇ ਕਿਹਾ ਕਿ ਸਪੱਸ਼ਟ ਹੈ ਕਿ ਕੁਰਾਨ ਸ਼ਰੀਫ ਦੀ ਬੇਅਦਬੀ ਇਕ ਗਿਣੀ ਮਿਥੀ ਯੋਜਨਾ ਤਹਿਤ ਕੀਤੀ ਗਈ। ਬੇਅਦਬੀ ਕਰਨ ਬਦਲੇ ਹੁਣ ਟਿਕਟਾਂ ਇਨਾਮ ਵਜੋਂ ਦਿੱਤੀਆਂ ਜਾ ਰਹੀਆਂ ਹਨ। ਬਿਲਕੁਲ ਉਸੇ ਤਰੀਕੇ ਕੰਮ ਹੋ ਰਿਹਾ ਹੈ ਜਿਵੇਂ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਕਾਂਗਰਸ ਪਾਰਟੀ ਨੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆਂ ਨੂੰ ਟਿਕਟਾਂ ਤੇ ਵਜ਼ੀਰੀਆਂ ਦੇ ਕੇ ਨਿਵਾਜਿਆ ਸੀ। ਬਹੁਤ ਹੀ ਨਿੰਦਣਯੋਗ ਵਰਤਾਰਾ ਹੈ।
ਦੱਸ ਦਈਏ ਕਿ ਮਾਲੇਰਕੋਟਲਾ ਵਿੱਚ 24 ਜੂਨ 2016 ਨੂੰ ਵਾਪਰੇ ਕੁਰਾਨ ਸ਼ਰੀਫ਼ ਬੇਅਦਬੀ ਮਾਮਲੇ ਵਿੱਚ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਵਧੀਕ ਤੇ ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਨੇ ਲੰਘੀ 1 ਨਵੰਬਰ ਨੂੰ ਨਰੇਸ਼ ਯਾਦਵ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਵਿਧਾਇਕ ਨਰੇਸ਼ ਯਾਦਵ ਨੇ ਇਸ ਫ਼ੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਸੀ। ਜਿੱਥੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਮੁਅੱਤਲ ਕਰ ਦਿੱਤੀ ਸੀ।
ਜ਼ਿਕਰ ਕਰ ਦਈਏ ਕਿ ਆਪ ਨੇ ਪਹਿਲੀ ਸੂਚੀ ਵਿੱਚ 11, ਦੂਜੀ ਵਿੱਚ 20, ਤੀਜੀ ਵਿੱਚ ਇੱਕ ਅਤੇ ਚੌਥੀ ਵਿੱਚ 38 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਹਿਲੀਆਂ ਦੋ ਸੂਚੀਆਂ ਵਿੱਚ ਜ਼ਿਆਦਾਤਰ ਨਵੇਂ ਚਿਹਰੇ ਹਨ। ਜਦੋਂ ਕਿ ਕੁਝ ਚਿਹਰੇ ਅਜਿਹੇ ਹਨ ਜੋ ਹਾਲ ਹੀ ਵਿੱਚ ਭਾਜਪਾ ਜਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਤੀਜੀ ਸੂਚੀ 'ਚ 'ਆਪ' ਨੇ ਨਜਫਗੜ੍ਹ ਤੋਂ ਆਪਣਾ ਉਮੀਦਵਾਰ ਐਲਾਨਿਆ ਜਿੱਥੋਂ ਸਾਬਕਾ ਮੰਤਰੀ ਕੈਲਾਸ਼ ਗਹਿਲੋਤ ਨੇ ਚੋਣ ਜਿੱਤੀ ਸੀ। ਗਹਿਲੋਤ ਹਾਲ ਹੀ 'ਚ ਆਪ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਸਨ।