ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਰਾਣਾ ਗੁਰਜੀਤ ਮਾਈਨਿੰਗ ਮਾਮਲੇ ਨੂੰ ਜਾਣਬੁੱਝ ਕੇ ਬੰਦ ਕਰਵਾਉਣ ਦਾ ਇਲਜ਼ਾਮ ਲਾਉਂਦਿਆਂ ਇਸ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਖਹਿਰਾ ਨੇ ਇਲਜ਼ਾਮ ਲਾਇਆ ਕਿ ਜਸਟਿਸ ਨਾਰੰਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨੌਕਰ ਅਮਿਤ ਬਹਾਦਰ ਕੋਲ ਮਈਨਜ਼ ਖਰੀਦਣ ਲਈ ਪੈਸੇ ਤਕ ਨਹੀਂ ਸਨ ਤੇ ਇਸ ਲਈ ਇਹ ਸਭ ਰਾਣਾ ਗੁਰਜੀਤ ਦਾ ਕੀਤਾ ਕਰਾਇਆ ਹੈ।


ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਨੂੰ ਬਚਾਉਣ ਲਈ ਕਲੀਨ ਚਿੱਟ ਦਿੱਤੀ ਹੈ ਤੇ ਰਾਣਾ ਵੱਲੋਂ ਸਾਰੀ ਗੜਬੜ ਕਰਨ ਦੇ ਬਾਵਜੂਦ ਰਿਪੋਰਟ 'ਚ ਉਸ 'ਤੇ ਸਵਾਲ ਨਹੀਂ ਚੁੱਕੇ ਗਏ ਹਨ। ਖਹਿਰਾ ਨੇ ਕਿਹਾ ਕਿ ਸੰਜੀਤ ਰੰਧਾਵਾ ਤੇ ਸਾਹਿਲ ਸਿੰਗਲਾ ਸਿਰਫ਼ ਬੋਗਸ ਚਿਹਰੇ ਹਨ। ਅਸਲ ਕੰਮ ਤਾਂ ਸਾਰਾ ਰਾਣਾ ਗੁਰਜੀਤ ਸਿੰਘ ਦਾ ਹੀ ਸੀ। ਦੱਸਣਯੋਗ ਹੈ ਕਿ ਰਾਣਾ ਗੁਰਜੀਤ ਤੇ ਨੌਕਰ ਜ਼ਰੀਏ ਮਈਨਿੰਗ ਠੇਕੇ ਲੈਣ ਦੇ ਇਲਜ਼ਾਮ ਲੱਗੇ ਸਨ ਤੇ ਉਸ ਸਮੇਂ ਸੰਜੀਤ ਰੰਧਾਵਾ ਤੇ ਸਾਹਿਲ ਸਿੰਗਲਾ ਨੇ ਕਿਹਾ ਸੀ ਇਹ ਸਭ ਠੇਕੇ ਉਨ੍ਹਾਂ ਨੇ ਲਏ ਸਨ।

ਉਨ੍ਹਾਂ ਕਿਹਾ ਕਿ ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਜ਼ੀਰ ਨੂੰ ਬਚਾਅ ਲਈ 7 ਦਿਨ ਦਾ ਸਮਾਂ ਵੀ ਦਿੱਤਾ ਸੀ ਤੇ ਉਨ੍ਹਾਂ 7 ਦਿਨਾਂ ਵਿੱਚ ਸਾਰੇ ਖਾਤੇ ਬਦਲੇ ਗਏ ਤੇ ਇਸੇ ਸਮੇਂ ਹੀ ਜਾਅਲੀ ਕਾਗਜ਼ ਬਣਾਏ ਗਏ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਨੌਕਰ ਅਮਿਤ ਬਹਾਦਰ ਨੇ ਮਈਨਿੰਗ ਦੇ ਰੌਲੇ ਤੋਂ ਬਾਅਦ ਫਰਮ ਤੋਂ ਅਸਤੀਫ਼ਾ ਦੇ ਦਿੱਤਾ। ਬਾਅਦ 'ਚ ਹੋਰ ਫਰਮਾਂ 'ਚ ਵੀ ਅਮਿਤ ਬਹਾਦਰ ਡਾਇਰੈਕਟਰ ਸੀ ਪਰ ਉਸ ਸਮੇਂ ਰਾਣਾ ਨੇ ਕਿਹਾ ਸੀ ਉਸ ਦਾ ਇਸ ਨੌਕਰ ਨਾਲ ਉਨ੍ਹਾਂ ਦੀ ਫਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ।