Goldie Brar: ਮੋਸਟ ਵਾਂਟੇਡ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਅਤੇ ਗੋਲਡੀ ਬਰਾੜ ਨੇ ਫਿਰੋਜ਼ਪੁਰ ਦੇ ਇਕ ਵਪਾਰੀ ਨੂੰ ਧਮਕੀ ਭਰੀ ਚਿੱਠੀ ਭੇਜੀ ਹੈ। ਰਿੰਦਾ ਅਤੇ ਗੋਲਡੀ ਬਰਾੜ ਵੱਲੋਂ ਕਥਿਤ ਤੌਰ 'ਤੇ ਭੇਜੀ ਗਈ ਚਿੱਠੀ 'ਚ 2.5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਦੇ ਵਪਾਰੀ ਵਰਿੰਦਰਪਾਲ ਸਿੰਘ ਨੂੰ ਧਮਕੀ ਭਰਿਆ ਪੱਤਰ ਅਤੇ ਸੰਦੇਸ਼ ਮਿਲਿਆ ਹੈ। ਇਸ ਵਿੱਚ 2.5 ਕਰੋੜ ਰੁਪਏ ਦੀ ਫਿਰੌਤੀ ਦੇਣ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ ਪੱਤਰ 'ਚ ਲਿਖਿਆ ਹੈ ਕਿ ਜੇਕਰ ਫਿਰੌਤੀ ਨਾ ਦਿੱਤੀ ਗਈ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।


ਗੋਲਡੀ ਬਰਾੜ ਦਾ ਨਾਂ ਇਸ ਫਿਰੌਤੀ ਦੇ ਮਾਮਲੇ 'ਚ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਨੇ ਚੰਡੀਗੜ੍ਹ 'ਚ ਫਿਰੌਤੀ ਅਤੇ ਗੋਲੀ ਕਾਂਡ 'ਚ ਭਗੌੜੇ ਗੈਂਗਸਟਰ ਅਤੇ ਅੱਤਵਾਦੀ ਗੋਲਡੀ ਬਰਾੜ ਅਤੇ ਉਸ ਦੇ ਇਕ ਸਾਥੀ 'ਤੇ ਇਨਾਮ ਦਾ ਐਲਾਨ ਕੀਤਾ ਸੀ। NIA ਨੇ ਗੋਲਡੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਕੌਣ ਹੈ ਗੋਲਡੀ ਬਰਾੜ


ਗੋਲਡੀ ਬਰਾੜ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਇਆ ਸੀ। ਗੋਲਡੀ ਬਰਾੜ ਦੇ ਪਿਤਾ ਪੁਲਿਸ ਵਿੱਚ ਤਾਇਨਾਤ ਸਨ। ਗੋਲਡੀ ਖਿਲਾਫ ਫਿਰੌਤੀ ਅਤੇ ਕਤਲ ਵਰਗੇ ਕਈ ਗੰਭੀਰ ਮਾਮਲੇ ਦਰਜ ਹਨ। ਦੱਸਿਆ ਜਾਂਦਾ ਹੈ ਕਿ ਗੋਲਡੀ ਬਰਾੜ ਨੇ ਆਪਣੇ ਚਚੇਰੇ ਭਰਾ ਦੇ ਕਤਲ ਤੋਂ ਬਾਅਦ ਅਪਰਾਧ ਦਾ ਰਾਹ ਚੁਣਿਆ ਅਤੇ ਕਈ ਗੈਂਗਸਟਰਾਂ ਦੇ ਸੰਪਰਕ ਵਿੱਚ ਆਇਆ। ਇਸ ਤੋਂ ਬਾਅਦ ਉਹ ਕੈਨੇਡਾ ਦੇ ਖਾਲਿਸਤਾਨੀ ਸਮੂਹ ਬੱਬਰ ਖਾਲਸਾ ਨਾਲ ਜੁੜ ਗਿਆ। ਕੇਂਦਰੀ ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ ਗੋਲਡੀ ਬਰਾੜ ਸ਼ਾਰਪ-ਸ਼ੂਟਰਾਂ ਦੀ ਸਪਲਾਈ ਕਰਨ ਤੋਂ ਇਲਾਵਾ ਸਰਹੱਦ ਪਾਰ ਤੋਂ ਗੋਲਾ-ਬਾਰੂਦ ਅਤੇ ਵਿਸਫੋਟਕ ਸਮੱਗਰੀ ਦੀ ਤਸਕਰੀ ਅਤੇ ਕਤਲਾਂ ਨੂੰ ਅੰਜਾਮ ਦੇਣ ਲਈ ਲੋੜੀਂਦੀ ਸਾਰੀ ਸਮੱਗਰੀ ਸਪਲਾਈ ਕਰਨ ਵਿੱਚ ਵੀ ਸ਼ਾਮਲ ਸੀ।


ਇੰਟਰਪੋਲ ਸਕੱਤਰੇਤ ਜਨਰਲ (ਆਈਪੀਐਸਜੀ) ਫਰਾਂਸ ਵੱਲੋਂ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ। ਉਸ ਵਿਰੁੱਧ 15 ਜੂਨ 2022 ਨੂੰ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ 12 ਦਸੰਬਰ 2022 ਨੂੰ ਗੋਲਡੀ ਬਰਾੜ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਗੋਲਡੀ ਬਰਾੜ ਸਾਲ 2023 'ਚ ਕੈਨੇਡਾ ਦੇ ਮੋਸਟ ਵਾਂਟੇਡ ਦੀ ਲਿਸਟ 'ਚ 15ਵੇਂ ਨੰਬਰ 'ਤੇ ਸੀ। ਪੁਲਿਸ ਉਸ ਨੂੰ ਕਤਲ, ਕਤਲ ਦੀ ਸਾਜ਼ਿਸ਼ ਅਤੇ ਹਥਿਆਰਾਂ ਦੀ ਤਸਕਰੀ ਦੇ ਦੋਸ਼ਾਂ ਤਹਿਤ ਲੱਭ ਰਹੀ ਸੀ।