ਚੰਡੀਗੜ੍ਹ: ਪੰਜਾਬ ਵਿੱਚ ਸੋਸ਼ਲ ਮੀਡੀਆ ਦੇ ਠੱਗਾਂ ਨੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਨੂੰ ਹੀ ਨਿਸ਼ਾਨਾ ਬਣਾ ਲਿਆ ਹੈ। ਉਨ੍ਹਾਂ ਨੇ ਖੰਨਾ ਤੋਂ AAP MLA ਤਰੁਣਪ੍ਰੀਤ ਸਿੰਘ ਸੌਂਧ ਦੀ ਜਾਅਲੀ ਫੇਸਬੁੱਕ ਆਈਡੀ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇੱਕ ਵਿਧਾਇਕ ਦੇ ਪੈਸੇ ਮੰਗਣ 'ਤੇ ਕੁਝ ਦੋਸਤਾਂ ਨੂੰ ਸ਼ੱਕ ਹੋਇਆ। ਉਨ੍ਹਾਂ ਤੁਰੰਤ ਵਿਧਾਇਕ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।



ਤਰੁਣਪ੍ਰੀਤ ਸਿੰਘ ਸੌਂਧ ਨੇ ਆਪਣੇ ਨਾਂ 'ਤੇ ਮੈਸੇਂਜਰ 'ਤੇ ਭੇਜੇ ਗਏ ਮੈਸੇਜ ਦਾ ਸਕ੍ਰੀਨ ਸ਼ਾਟ ਵੀ ਸਾਂਝਾ ਕੀਤਾ ਹੈ। ਇਸ ਵਿੱਚ ਇੱਕ ਵਿਅਕਤੀ ਤੋਂ 30000 ਰੁਪਏ ਦੀ ਮੰਗ ਕੀਤੀ ਗਈ। ਇਸ ਦੇ ਲਈ ਗੂਗਲ ਪੇਅ ਨੰਬਰ 6289609887 ਦਿੱਤਾ ਗਿਆ ਸੀ। ਹਾਲਾਂਕਿ ਵਿਅਕਤੀ ਸਮਝ ਗਿਆ ਕਿ ਉਸ ਨਾਲ ਠੱਗੀ ਹੋ ਰਹੀ ਹੈ, ਇਸ ਲਈ ਉਸ ਨੇ ਪੈਸੇ ਭੇਜਣ ਦੀ ਬਜਾਏ ਵਿਧਾਇਕ ਨੂੰ ਸੂਚਨਾ ਦੇ ਦਿੱਤੀ ਸੀ।

ਵਿਧਾਇਕ ਤਰੁਣਪ੍ਰੀਤ ਸੌਂਧ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਦੇ ਨਾਂ 'ਤੇ ਫਰਜ਼ੀ ਫੇਸਬੁੱਕ ਆਈਡੀ ਬਣਾ ਲਈ ਹੈ। ਜਿਸ 'ਤੇ ਉਪਰ ਉਨ੍ਹਾਂ ਦੀਆਂ ਫੋਟੋਆਂ ਲਗਾ ਕੇ ਲੋਕਾਂ ਤੋਂ ਗਲਤ ਮੈਸੇਜ ਅਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਇਸ ਸਬੰਧੀ ਪੁਲੀਸ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹੇ ਗੈਰ ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।


 

21ਵੀਂ ਸਦੀ ਵਿਗਿਆਨ ਦੀ ਸਦੀ ਕਰ ਕੇ ਜਾਣੀ ਜਾਂਦੀ ਹੈ। ਇਸ ਸਮੇਂ ਵਿੱਚ ਹਰ ਤਕਨੀਕ ਦਾ ਬਹੁਤ ਵਿਕਾਸ ਹੋਇਆ ਹੈ। ਇਸੇ ਵਿਕਾਸ ਦਾ ਅਸਰ ਇੰਟਰਨੈੱਟ ਦੇ ਖੇਤਰ ਵਿੱਚ ਵੀ ਖੂਬ ਹੋਇਆ ਹੈ। ਲੋਕਾਂ ਵਿੱਚ ਆਪਸੀ ਸੰਪਰਕ ਨੂੰ ਵਧਾਉਣ ਲਈ ਕਈ ਵੈਬਸਾਈਟਾਂ ਦਾ ਨਿਰਮਾਣ ਕੀਤਾ ਗਿਆ ਹੈ, ਜਿਨਾਂ ਨੂੰ ਸੋਸ਼ਲ ਸਾਈਟਸ ਆਖਿਆ ਜਾਂਦਾ ਹੈ, ਜਿਵੇਂ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਵੱਟਸਐਪ ਆਦਿ।

 

ਸੋਸ਼ਲ ਮੀਡੀਆ ਦੇ ਆਉਣ ਨਾਲ ਜਿਥੇ ਫ਼ਾਇਦਾ ਹੋਇਆ ਹੈ, ਓਥੇ ਹੀ ਸੋਸ਼ਲ ਮੀਡੀਆ ਦੇ ਠੱਗ ਵੀ ਇਸ ਦੀ ਗਲਤ ਵਰਤੋਂ ਕਰਕੇ ਲੋਕਾਂ ਨੂੰ ਲੁੱਟ ਰਹੇ ਹਨ। ਕਈ ਵਾਰੀ ਫੇਕ ਖਾਤੇ ਬਣਾ ਕੇ ਲੋਕ ਇੱਕ-ਦੂਜੇ ਨੂੰ ਗੁੰਮਰਾਹ ਵੀ ਕਰਦੇ ਹਨ।  ਕਈ ਵਾਰੀ ਲੋਕਾਂ ਵਿੱਚ ਅਫ਼ਵਾਹ ਫੈਲਾਉਣ ਅਤੇ ਆਮ ਜਨਤਾ ਨੂੰ ਗੁੰਮਰਾਹ ਕਰਨ ਲਈ ਝੂਠੀਆਂ ਗੱਲਾਂ ਵੀ ਫੈਲਾਅ ਦਿੱਤੀਆਂ ਜਾਂਦੀਆਂ ਹਨ।