Khanna: Punjab Police in controversy, elderly couple accused the police of beating them and abusing their daughter


ਖੰਨਾ: ਪੰਜਾਬ ਪੁਲਿਸ ਆਪਣੀ ਕਾਰਜਸ਼ੈਲੀ ਨੂੰ ਲੈ ਕੇ ਅਕਸਰ ਹੀ ਵਿਵਾਦਾਂ 'ਚ ਘਿਰੀ ਰਹਿੰਦੀ ਹੈ। ਇਸੇ ਤਰ੍ਹਾਂ ਦਾ ਇੱਕ ਹੋਰ ਨਵਾਂ ਵਿਵਾਦ ਖੰਨਾ 'ਚ ਸਾਹਮਣੇ ਆਇਆ ਹੈ। ਜਿੱਥੇ ਬਜੁਰਗ ਜੋੜੇ ਨੇ ਪੁਲਿਸ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਪੀੜਤ ਬਜ਼ੁਰਗ ਜੋੜੇ ਨੇ ਪੁਲਿਸ 'ਤੇ ਥਾਣੇ ਅੰਦਰ ਕੁੱਟਮਾਰ, ਪੱਗ ਉਤਾਰਨ ਅਤੇ ਦਾੜ੍ਹੀ ਪੁੱਟਣ ਦੇ ਦੋਸ਼ ਲਗਾਏ ਹਨ। ਇਸ ਦੇ ਨਾਲ ਹੀ ਬਜੁਰਗ ਜੋੜੇ ਨੇ ਉਨ੍ਹਾਂ ਦੀ ਧੀ ਨਾਲ ਵੀ ਪੁਲਿਸ ਵੱਲੋਂ ਬਦਸਲੂਕੀ ਕਰਨ ਅਤੇ ਥੱਪੜ ਮਾਰਨ ਦੇ ਦੋਸ਼ ਲਗਾਏ ਹਨ। ਇਹ ਤਿੰਨੋਂ ਜਣੇ ਸਰਕਾਰੀ ਹਸਪਤਾਲ ਖੰਨਾ ਦਾਖਲ ਹਨ। ਪੁਲਸ ਵੱਲੋਂ ਬਜੁਰਗ ਜੋੜੇ ਦੇ ਘਰ ਜਾਣ ਦੀ ਸੀਸੀਟੀਵੀ ਫੁਟੇਜ ਵੀ ਸਾਮਣੇ ਆਈਆਂ ਹਨ। ਉੱਚ ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।


ਸਰਕਾਰੀ ਹਸਪਤਾਲ ਖੰਨਾ ਵਿਖੇ ਜੇਰੇ ਇਲਾਜ ਕੁਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜੋ ਇਲੈਕਸ਼ਨ ਵਿਭਾਗ ਚੰਡੀਗੜ੍ਹ ਵਿਖੇ ਨੌਕਰੀ ਕਰਦਾ ਸੀ। ਉਨ੍ਹਾਂ ਨੇ ਆਪਣੇ ਬੇਟੇ ਨੂੰ ਨਸ਼ਾ ਛੁਡਾਊ ਕੇਂਦਰ ਵਿਖੇ ਭਰਤੀ ਕਰਵਾਇਆ। ਇਸੇ ਦੌਰਾਨ ਸਦਰ ਥਾਣਾ ਦੀ ਪੁਲਿਸ ਦੋ ਮੁੰਡਿਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਆ ਉਨ੍ਹਾਂ ਦੇ ਬੇਟੇ ਬਾਰੇ ਪੁੱਛਣ ਲੱਗੀ। ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ। ਇਸ ਉਪਰੰਤ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ।


ਇਸਦੇ ਨਾਲ ਹੀ ਕੁਲਦੀਪ ਕੌਰ ਦੀ ਧੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਪੁਲਿਸ ਉਨ੍ਹਾਂ ਦੇ ਘਰ ਆਈ ਤਾਂ ਉਸ ਨੇ ਵਾਰਡ ਦੀ ਮਹਿਲਾ ਕੌਂਸਲਰ ਦੇ ਪਤੀ ਰਣਬੀਰ ਸਿੰਘ ਮਾਨ ਦੇ ਨਾਲ ਪੁਲਿਸ ਵਾਲੇ ਦੀ ਗੱਨਲ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਏਐਸਆਈ ਨੇ ਉਸਨੂੰ ਬੁਰਾ ਭਲਾ ਬੋਲਦੇ ਹੋਏ ਥੱਪੜ ਮਾਰਿਆ। ਜਸਮੇਲ ਸਿੰਘ ਮੁਤਾਬਕ ਉਹ ਮਾਰਕਫੈਡ ਚੋਂ ਰਿਟਾਇਰ ਹਨ ਅਤੇ ਪੈਨਸ਼ਨ ਸਬੰਧੀ ਚੰਡੀਗੜ ਗਏ ਹੋਏ ਸੀ। ਜਦੋਂ ਘਰ ਵਾਪਸ ਆਏ ਤਾਂ ਪੁਲਿਸ ਨੇ ਉਨ੍ਹਾਂ ਨਾਲ ਵੀ ਕਾਫੀ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਵਾਲਾਂ ਤੋਂ ਫੜ ਕੇ ਲੱਤਾਂ ਮਾਰੀਆਂ। ਪਰਿਵਾਰ ਨੇ ਮੰਗ ਕੀਤੀ ਹੈ ਕਿ ਕੁੱਟਮਾਰ ਕਰਨ ਵਾਲੇ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।


ਵਾਰਡ ਨੰਬਰ 9 ਦੀ ਕੌਂਸਲਰ ਦੇ ਪਤੀ ਰਣਬੀਰ ਸਿੰਘ ਲਾਡੀ ਮਾਨ ਨੇ ਦੱਸਿਆ ਕਿ ਉਹ ਨੰਗਲ ਗਏ ਹੋਏ ਸੀ। ਫੋਨ ਰਾਹੀਂ ਮਨਪ੍ਰੀਤ ਕੌਰ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ। ਉਹ ਫੋਨ ਚੋਂ ਸੁਣ ਰਹੇ ਸੀ ਕਿ ਏਐਸਆਈ ਕਿਸ ਤਰ੍ਹਾਂ ਇੱਕ ਔਰਤ ਨੂੰ ਭੱਦੀ ਸ਼ਬਦਾਵਲੀ ਬੋਲ ਰਿਹਾ ਸੀ। ਮਨਪ੍ਰੀਤ ਦੇ ਥੱਪੜ ਤੱਕ ਮਾਰਿਆ ਗਿਆ। ਥਾਣੇ ਅੰਦਰੋਂ ਵੀ ਮਨਪ੍ਰੀਤ ਕੌਰ ਨੇ ਫੋਨ ਰਾਹੀਂ ਉਸਦੇ ਪਿਤਾ ਦੀਆਂ ਚੀਕਾਂ ਸੁਣਾਈਆਂ। ਐਸਐਚਓ ਨੇ ਉਹਨਾਂ ਦਾ ਫੋਨ ਤੱਕ ਨਹੀਂ ਚੁੱਕਿਆ। ਇਸ ਤਰ੍ਹਾਂ ਦੀ ਕਾਰਵਾਈ ਨਿੰਦਣਯੋਗ ਹੈ। ਪੁਲਿਸ ਅਧਿਕਾਰੀਆਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ।


ਉਧਰ ਜਦੋਂ ਇਸ ਸਬੰਧੀ ਡੀਐਸਪੀ ਰਾਜਨ ਪਰਮਿੰਦਰ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਸਮੇਲ ਸਿੰਘ ਦੇ ਬੇਟੇ ਲਵਪ੍ਰੀਤ ਸਿੰਘ ਨੂੰ ਠੇਕੇ ਉਪਰ ਸ਼ਰਾਬ ਪੀਂਦੇ ਸਮੇਂ ਅਗਵਾ ਕਰਨ ਦੀ ਸ਼ਿਕਾਇਤ 112 ਰਾਹੀਂ ਮਿਲੀ ਸੀ। ਪੁਲਿਸ ਨੇ ਜਦੋਂ ਤਫਤੀਸ਼ ਸ਼ੁਰੂ ਕੀਤੀ ਅਤੇ ਪਰਿਵਾਰ ਵਾਲਿਆਂ ਨੂੰ ਥਾਣੇ ਸੱਦਿਆ ਤਾਂ ਸਾਹਮਣੇ ਆਇਆ ਕਿ ਪਰਿਵਾਰ ਨੇ ਲਵਪ੍ਰੀਤ ਨੂੰ ਨਸ਼ਾ ਛੁਡਾਊ ਕੇਂਦਰ ਭਰਤੀ ਕਰਾਇਆ ਹੈ। ਇਸ ਤਫਤੀਸ਼ ਦੌਰਾਨ ਜਸਮੇਲ ਸਿੰਘ ਨੇ ਤਲਖੀ 'ਚ ਆ ਕੇ ਐਸਐਚਓ ਨੂੰ ਬੁਰਾ ਭਲਾ ਕਿਹਾ। ਜਿਸ ਕਰਕੇ ਐਸਐਚਓ ਨੇ ਜਸਮੇਲ ਸਿੰਘ ਨੂੰ ਕਮਰੇ ਚੋਂ ਬਾਹਰ ਕੱਢ ਦਿੱਤਾ ਸੀ। ਇਸਤੋਂ ਇਲਾਵਾ ਹਾਲੇ ਹੋਰ ਗੱਲ ਸਾਮਣੇ ਨਹੀਂ ਆਈ।


ਇਹ ਵੀ ਪੜ੍ਹੋ: ਮੋਦੀ ਸਰਕਾਰ ਦਾ ਸਿੱਧਾ ਹਮਲਾ ਹੈ ਡੈਮਾਂ ਤੋਂ ਪੁਲਿਸ ਅਤੇ ਚੰਡੀਗੜ 'ਚੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਬਾਹਰ ਕਰਨਾ: ਭਗਵੰਤ ਮਾਨ