Kharar News: ਆਨਲਾਈਨ ਫਰਾਡ ਭੋਲੇ-ਭਾਲੇ ਲੋਕਾਂ ਨੂੰ ਹਰ ਵਾਰ ਨਵੇਂ ਢੰਗਾਂ ਦੇ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ। ਚਾਹੇ ਬੱਚਾ ਹੋਵੇ ਜਾਂ ਯੁਵਾ ਜਾਂ ਬਜ਼ੁਰਗ। ਦੇਸ਼ ਅੰਦਰ ਸਾਈਬਰ ਠੱਗਾਂ ਵੱਲੋਂ ਹੁਣ ਇਕ ਨਵੀਂ ਤਕਨੀਕ ਦੀ ਵਰਤੋਂ ਕੀਤੀ ਗਈ ਹੈ, ਜਿਸ ਨੂੰ ‘ਰਿਮੋਟ ਐਕਸੈੱਸ’ ਕਿਹਾ ਜਾਂਦਾ ਹੈ। ਇਸ ਰਾਹੀਂ ਠੱਗ ਨਿੱਤ ਵੱਡੀ ਗਿਣਤੀ ’ਚ ਲੋਕਾਂ ਦੇ ਖਾਤੇ ਖਾਲੀ ਕਰਨ ’ਚ ਕਾਮਯਾਬ ਹੋ ਰਹੇ ਹਨ। ਇੱਕ ਅਜਿਹਾ ਹੀ ਮਾਮਲਾ ਖਰੜ ਤੋਂ ਵੀ ਸਾਹਮਣੇ ਆਇਆ, ਜਿੱਥੇ ਸਾਈਬਰ ਠੱਗਾਂ ਵੱਲੋਂ ਇੱਕ ਫੋਨ ਨੰਬਰ ਰਾਹੀਂ ਔਰਤ ਦੇ ਖਾਤੇ ’ਚੋਂ ਲੱਖਾਂ ਰੁਪਏ ਕਢਵਾ ਲਏ ਹਨ। ਜੀ ਹਾਂ ਇਹ ਸੁਣਕੇ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ। ਇਨ੍ਹਾਂ ਆਨਲਾਈਨ ਚੋਰਾਂ ਨੇ ਔਰਤ ਦੇ ਖਾਤੇ 'ਚੋਂ ਪੌਣੇ 8 ਲੱਖ ਰੁਪਏ ਉੱਡਾ ਲਏ ਹਨ। ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਬਣੀ ਆਨਲਾਈਨ ਠੱਗਾਂ ਦਾ ਸ਼ਿਕਾਰ
ਇੱਕ ਵਿੱਦਿਅਕ ਸੰਸਥਾ ਵਿਚ ਅਸਿਸਟੈਂਟ ਪ੍ਰੋਫੈਸਰ ਟੀਨਾ ਵਰਮਾ ਨੇ ਦੱਸਿਆ ਕਿ ਉਸ ਨੇ ਇੱਕ ਪ੍ਰਾਈਵੇਟ ਬੈਂਕ ਦਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਸੀ, ਜਿਸ ਦੀ ਡਲਿਵਰੀ ਇਕ ਕੋਰੀਅਰ ਕੰਪਨੀ ਵੱਲੋਂ ਕੀਤੀ ਜਾਣੀ ਸੀ। ਕਾਰਡ ਦੀ ਡਲਿਵਰੀ ਦਾ ਸਟੇਟਸ ਜਾਣਨ ਲਈ ਉਸ ਨੇ ਗੂਗਲ ਰਾਹੀਂ ਉਸ ਕੋਰੀਅਰ ਕੰਪਨੀ ਦਾ ਮੋਬਾਇਲ ਨੰਬਰ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ 78119-43342 ਨੰਬਰ ’ਤੇ ਗੱਲ ਕੀਤੀ ਤਾਂ ਦੂਜੇ ਪਾਸਿਓ ਗੱਲ ਕਰ ਰਹੇ ਵਿਅਕਤੀ ਨੇ ਕਿਹਾ ਕਿ ਤੁਸੀਂ ਇੰਤਜ਼ਾਰ ਕਰੋ, ਹੁਣੇ ਇੱਕ ਕਾਲ ਤੁਹਾਨੂੰ ਆਏਗੀ।
ਇਸ ਨੰਬਰ ਤੋਂ ਆਈ ਕਾਲ
ਔਰਤ ਨੇ ਦੱਸਿਆ ਕਿ ਕੁਝ ਸਮੇਂ ਅੰਦਰ ਉਸ ਨੂੰ ਇੱਕ ਦੂਜੇ ਨੰਬਰ 76541-09522 ਰਾਹੀਂ ਪਾਰਸਲ ਨਾਲ ਸਬੰਧਤ ਕਾਲ ਆਈ ਤਾਂ ਉਸ ਵਿਅਕਤੀ ਨੇ ਦਰਖ਼ਾਸਤਕਰਤਾ ਨੂੰ ਇਸ ਲਈ 5 ਰੁਪਏ ਅਦਾ ਕਰਨ ਲਈ ਕਿਹਾ ਪਰ ਟੀਨਾ ਵਰਮਾ ਨੇ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਪਿੱਛੋਂ ਇਸੇ ਨੰਬਰ ਤੋਂ ਉਸ ਦੇ ਫੋਨ ’ਤੇ ਇੱਕ ਲਿੰਕ ਟੈਕਸਟ ਮੈਸੇਜ ਦੇ ਰੂਪ ’ਚ ਮਿਲਿਆ।
ਇਸ ਤੋਂ ਬਾਅਦ ਉਸ ਨੂੰ ਫੋਨ ’ਤੇ ਇੱਕ ਵਟਸਐਪ ਮੈਸੇਜ (ਫਾਈਲ) ਦੇ ਰੂਪ ’ਚ ਪ੍ਰਾਪਤ ਹੋਇਆ, ਜੋ ਓਪਨ ਨਹੀਂ ਹੋ ਸਕਿਆ। ਉਸ ਤੋਂ ਬਾਅਦ ਉਸ ਵਿਅਕਤੀ ਵੱਲੋਂ ਇਕ ਨੰਬਰ 96664-55555 ਦੱਸ ਕੇ ਉਸ ਨੂੰ ਵਟਸਐਪ ਜ਼ਰੀਏ ਹਾਏ ਲਿਖਣ ਲਈ ਕਿਹਾ ਗਿਆ ਪਰ ਦਰਖ਼ਾਸਤਕਰਤਾ ਵੱਲੋਂ ਇਸ ਲਈ ਮਨ੍ਹਾ ਕੀਤੇ ਜਾਣ ’ਤੇ ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਸਲ ਨਾਲ ਸਬੰਧਤ ਉਨ੍ਹਾਂ ਦੀ ਸ਼ਿਕਾਇਤ ਰਜਿਸਟਰਡ ਨਹੀਂ ਹੋ ਸਕੇਗੀ। ਟੀਨਾ ਵਰਮਾ ਨੇ ਉਸ ਵਿਅਕਤੀ ਦੇ ਕਹਿਣ ’ਤੇ ਟੈਕਸਟ ਮੈਸੇਜ ਭੇਜਣ ਦੇ ਨਾਲ-ਨਾਲ ਦੱਸੇ ਗਏ ਨੰਬਰ ’ਤੇ 5 ਰੁਪਏ ਵੀ ਬੈਂਕ ਖਾਤੇ ਵਿਚੋਂ ਟਰਾਂਸਫਰ ਕਰ ਦਿੱਤੇ ਪਰ ਅਗਲੇ ਦਿਨ ਉਸ ਨੇ ਜਦੋਂ ਖਾਤਾ ਚੈੱਕ ਕੀਤਾ ਤਾਂ ਉਸ ਵਿਚੋਂ 7,69,995 ਰੁਪਏ ਗਾਇਬ ਸਨ। ਜਿਸ ਤੋਂ ਬਾਅਦ ਥਾਣੇ ਵਿੱਚ ਇਸ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ। ਉਧਰ ਥਾਣਾ ਸਿਟੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।