Punjab News : ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਖਿੱਚ ਦਾ ਕੇਂਦਰ ਹੋਣਗੇ। ਖੇਡਾਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਅਤੇ ਵਾਲੀਬਾਲ ਮੈਚ ਵੀ ਖੇਡਣਗੇ। ਇਸੇ ਤਰ੍ਹਾਂ ਫਿਲਮੀ ਅਦਾਕਾਰ ਤੇ ਸਾਬਕਾ ਰਗਬੀ ਖਿਡਾਰੀ ਰਾਹੁਲ ਬੋਸ ਰਗਬੀ ਮੈਚ ਵਿੱਚ ਜੌਹਰ ਦਿਖਾਉਣਗੇ।
ਇਹ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਖੇਡਾਂ ਦੀਆਂ ਤਿਆਰੀਆਂ ਲਈ ਸੱਦੀ ਸਮੀਖਿਆ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਮੀਤ ਹੇਅਰ ਨੇ ਦੱਸਿਆ ਕਿ ਇਸ ਵੇਲੇ ਮਸ਼ਾਲ ਮਾਰਚ ਪੰਜਾਬ ਦੇ ਹਰ ਜ਼ਿਲੇ ਵਿੱਚ ਜਾ ਰਹੀ ਹੈ ਜੋ ਅੱਜ ਹੁਸ਼ਿਆਰਪੁਰ ਪੁੱਜੀ ਹੈ। ਬਠਿੰਡਾ ਦੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਖੇਡਾਂ ਦੀ ਮਸ਼ਾਲ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਦਾ ਗੇੜਾ ਲਗਾਉਣ ਤੋਂ ਬਾਅਦ ਬਠਿੰਡਾ ਵਿਖੇ ਪੁੱਜੇਗੀ ਜਿਸ ਨੂੰ ਰੰਗਾਰੰਗ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਸਟੇਡੀਅਮ ਦਾ ਚੱਕਰ ਲਗਾ ਕੇ ਜਲਾਇਆ ਜਾਵੇਗਾ। ਮਾਰਚ ਪਾਸਟ ਵਿੱਚ ਸਾਰੇ ਜ਼ਿਲਿਆਂ ਦੇ ਖਿਡਾਰੀ ਹਿੱਸਾ ਲੈਣਗੇ ਅਤੇ ਖਿਡਾਰੀਆਂ ਵੱਲੋਂ ਸੱਚੀ-ਸੁੱਚੀ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ ਜਾਵੇਗੀ।
ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਲੋਕ ਗਾਇਕਾਂ ਦੀ ਪੇਸ਼ਕਾਰੀ ਤੋਂ ਇਲਾਵਾ ਗੱਤਕਾ, ਗਿੱਧਾ, ਭੰਗੜਾ, ਜਿਮਨਾਸਟਕ ਤੇ ਪੀ.ਟੀ.ਸ਼ੋਅ ਹੋਵੇਗਾ। ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਸਾਬਕਾ ਖਿਡਾਰੀ ਵੀ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੇਡਾਂ ਦਾ ਰਸਮੀ ਐਲਾਨ ਕਰਨਗੇ ਜਿਸ ਤੋਂ ਬਾਅਦ ਇਹ ਖੇਡਾਂ ਸ਼ੁਰੂ ਹੋ ਜਾਣਗੀਆਂ। ਇਸ ਵਾਰ ਵੱਖ-ਵੱਖ ਅੱਠ ਉਮਰ ਵਰਗਾਂ ਵਿੱਚ 35 ਖੇਡਾਂ ਦੇ ਮੁਕਾਬਲੇ ਬਲਾਕ ਤੋਂ ਰਾਜ ਪੱਧਰ ਤੱਕ ਕਰਵਾਏ ਜਾਣਗੇ। ਖੇਡ ਮੰਤਰੀ ਨੇ ਮੀਟਿੰਗ ਵਿੱਚ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਕਾਰਵਾਈਆਂ ਨੂੰ ਖੇਡਾਂ ਦੀ ਭਾਵਨਾ ਅਨੁਸਾਰ ਨੇਪਰੇ ਚਾੜ੍ਹਨ ਲਈ ਕਿਹਾ। ਉਨਾਂ ਕਿਹਾ ਕਿ ਸਟੇਡੀਅਮ ਵਿੱਚ ਆਉਣ ਵਾਲੇ ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਲਈ ਉਨਾਂ ਦਾ ਦਾਖਲੇ, ਬੈਠਣ ਅਤੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 : ਉਦਘਾਟਨੀ ਸਮਾਰੋਹ 'ਚ CM ਭਗਵੰਤ ਮਾਨ ਖੇਡਣਗੇ ਵਾਲੀਬਾਲ ਮੈਚ : ਮੀਤ ਹੇਅਰ
ABP Sanjha
Updated at:
24 Aug 2023 06:23 PM (IST)
Edited By: shankerd
Punjab News : ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸੀਜ਼ਨ-2 ਦੇ ਉਦਘਾਟਨੀ ਸਮਾਰੋਹ ਮੌਕੇ ਸੱਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵਾਲੀਬਾਲ, ਰਗਬੀ ਤੇ ਰੱਸਾਕਸ਼ੀ ਦੇ ਪ੍ਰਦਰਸ਼ਨੀ
Meet Hayer
NEXT
PREV
Published at:
24 Aug 2023 06:23 PM (IST)
- - - - - - - - - Advertisement - - - - - - - - -