ਹੁਸ਼ਿਆਰਪੁਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਵਿੱਚੋਂ ਨਿੱਖੜ ਕੇ ਪਾਕਿਸਤਾਨ ਵਿੱਚ ਰਹੀ ਗੜ੍ਹਸ਼ੰਕਰ ਵਾਸੀ ਕਿਰਨ ਬਾਲਾ ਬਾਰੇ ਵੱਡ ਖੁਲਾਸਾ ਹੋਇਆ ਹੈ। ਉਸ ਨੇ ਮੰਨਿਆ ਹੈ ਕਿ ਸੋਚ ਸਮਝ ਕੇ ਹੀ ਜਥੇ ਰਾਹੀਂ ਪਾਕਿਸਤਾਨ ਜਾਣ ਦੀ ਯੋਜਨਾ ਬਣਾਈ ਸੀ। ਕਿਰਨ ਨੇ ਇਸਲਾਮ ਧਰਮ ਕਬੂਲ ਕੇ ਮੁਸਲਮਾਨ ਨਾਲ ਨਿਕਾਹ ਕਰਵਾ ਲਿਆ ਹੈ।

 

ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਉਹ ਪਾਕਿਸਤਾਨ ਦੇ ਮੀਡੀਆ ਅੱਗੇ ਮੰਨ ਰਹੀ ਹੈ ਕਿ ਹੋਰ ਕੋਈ ਵੱਸ ਨਾ ਚੱਲਦਾ ਵੇਖ ਉਸ ਨੇ ਸ਼ਰਧਾਲੂ ਬਣ ਕੇ ਸ਼੍ਰੋਮਣੀ ਕਮੇਟੀ ਰਾਹੀਂ ਪਾਕਿਸਤਾਨ ਦਾ ਵੀਜ਼ਾ ਲਿਆ ਤਾਂ ਕਿ ਉਹ ਆਪਣੇ ਪ੍ਰੇਮੀ ਨੂੰ ਮਿਲ ਸਕੇ। ਕਿਰਨ ਬਾਲਾ ਜਿਸ ਨੇ ਹੁਣ ਆਪਣਾ ਨਾਂ ਆਮਨਾ ਬੀਬੀ ਰੱਖ ਲਿਆ ਹੈ, ਨੇ ਕਿਹਾ ਕਿ ਉਹ ਆਪਣੇ ਮਾਪਿਆਂ ਤੇ ਭਰਾ ਨੂੰ ਕਹਿੰਦੀ ਰਹੀ ਪਰ ਉਹ ਨਹੀਂ ਮੰਨੇ।

ਉਸ ਨੇ ਕਿਹਾ ਕਿ ਬੱਚਿਆਂ ਸਬੰਧੀ ਵੀ ਉਸ ਨੇ ਕੋਈ ਝੂਠ ਨਹੀਂ ਬੋਲਿਆ। ਆਸਾਨੀ ਨਾਲ ਵੀਜ਼ਾ ਲੈਣ ਖਾਤਰ ਉਸ ਨੇ ਆਪਣੇ ਆਪ ਨੂੰ ਤਿੰਨ ਬੱਚਿਆਂ ਦੀ ਮਾਂ ਦੱਸਿਆ ਜਦੋਂਕਿ ਬੱਚੇ ਉਸ ਦੀ ਭੈਣ ਦੇ ਹਨ। ਵੀਡੀਓ ਵਿੱਚ ਉਹ ਆਪਣੇ ਪਤੀ ਆਜ਼ਮ ਮੁਹੰਮਦ ਨਾਲ ਪਾਕਿਸਤਾਨ ਪੱਖੀ ਨਾਅਰੇ ਲਾਉਂਦੀ ਵੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਕਿਰਨ ਦੇ ਸਹੁਰੇ ਪਰਿਵਾਰ ਨੇ ਉਸ ਦੀਆਂ ਗੱਲਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਉਹ ਸਾਰੇ ਦਸਤਾਵੇਜ਼ ਦਿਖਾਏ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਤਿੰਨ ਬੱਚੇ ਉਸੇ ਦੇ ਹੀ ਹਨ। ਉਸ ਨੇ ਕਿਹਾ ਕਿ ਬੱਚੇ ਮਾਂ ਨੂੰ ਮਿਲਣ ਲਈ ਤਰਸ ਰਹੇ ਹਨ।

ਕਿਰਨ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਹਿੰਦੂ ਪਰਿਵਾਰ ਨਾਲ ਸਬੰਧਤ ਕਿਰਨ ਨੇ ਉਨ੍ਹਾਂ ਦੇ ਲੜਕੇ ਨਰਿੰਦਰ ਸਿੰਘ ਨਾਲ ਸਾਲ 2005 ਵਿੱਚ ਪ੍ਰੇਮ ਵਿਆਹ ਕਰਵਾਇਆ ਸੀ। 2013 ਵਿੱਚ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਉਹ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਦਿੱਲੀ ਚਲੀ ਗਈ ਪਰ ਉਨ੍ਹਾਂ ਵੱਲੋਂ ਜ਼ਿੱਦ ਕਰਨ ’ਤੇ ਕੁਝ ਮਹੀਨਿਆਂ ਬਾਅਦ ਉਹ ਵਾਪਸ ਆਈ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਨ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ’ਤੇ ਰੁਝੀ ਰਹਿੰਦੀ ਸੀ ਜਿਸ ਕਰਕੇ ਬੱਚਿਆਂ ਵੱਲ ਵੀ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਪਰ ਕੋਈ ਉਸ ਨੂੰ ਵਰਜ ਨਹੀਂ ਸਕਦਾ ਸੀ। ਕੁਝ ਸਮਾਂ ਪਹਿਲਾਂ ਉਸ ਦੀ ਦਰਾਣੀ ਨੂੰ ਉਸ ਦੇ ਦੁਬਈ ਰਹਿੰਦੇ ਵਿਅਕਤੀ ਨਾਲ ਚੈਟ ਕਰਦੇ ਹੋਣ ਦਾ ਪਤਾ ਲੱਗਿਆ ਸੀ। ਕਿਰਨ ਨੇ ਉਸ ਨੂੰ ਦੱਸਿਆ ਕਿ ਇਸ ਵਿਅਕਤੀ ਨੇ ਉਸ ਨੂੰ ਸਾਢੇ 14 ਹਜ਼ਾਰ ਰੁਪਏ ਬੈਂਕ ਰਾਹੀਂ ਭੇਜੇ ਹਨ।