Kisan Andolan: ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਕਿਸਾਨ ਅੰਦੋਲਨ ਦਾ ਅੱਜ 10ਵਾਂ ਦਿਨ ਹੈ। ਕਿਸਾਨਾਂ ਨੇ ਦਿੱਲੀ ਕੂਚ ਦੀ ਯੋਜਨਾ ਦੋ ਦਿਨਾਂ ਲਈ ਟਾਲ ਦਿੱਤੀ ਹੈ। ਕਿਸਾਨਾਂ ਨੇ ਇਹ ਫੈਸਲਾ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੇ ਖਨੌਰੀ ਸਰਹੱਦ 'ਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਲਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਮੀਟਿੰਗ ਦੇ ਸਮੇਂ ਦੀ ਉਡੀਕ ਹੈ।


ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਦੋ ਦਿਨਾਂ ਤੱਕ ਰਣਨੀਤੀ ਬਣਾਵਾਂਗੇ। ਅਗਲਾ ਫੈਸਲਾ 23 ਫਰਵਰੀ ਨੂੰ ਲਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਆਗੂ ਖਨੌਰੀ ਸਰਹੱਦ ’ਤੇ ਜਾ ਕੇ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਕਿਸਾਨਾਂ ਤੋਂ ਜਾਣਕਾਰੀ ਲੈਣਗੇ। 



ਦੱਸ ਦਈਏ ਕਿ ਕਿਸਾਨ ਆਗੂਆਂ ਨੇ ਕੱਲ੍ਹ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਲਗਾਤਾਰ ਅੱਥਰੂ ਗੈਸ ਦੇ ਗੋਲੇ ਛੱਡੇ ਸੀ। ਸ਼ਾਮ ਤੱਕ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਸਥਿਤੀ ਤਣਾਅਪੂਰਨ ਹੋ ਗਈ ਸੀ। ਸ਼ੰਭੂ ਸਰਹੱਦ 'ਤੇ ਅੱਥਰੂ ਗੈਸ ਦੇ ਧੂੰਏਂ ਕਾਰਨ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ। ਡੱਲੇਵਾਲ ਨੂੰ ਰਾਤ ਨੂੰ ਹੀ ਪਟਿਆਲਾ ਦੇ ਰਾਜਿੰਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।


ਉਧਰ, ਪੰਜਾਬ ਵਿੱਚ ਕਿਸਾਨਾਂ ਉਪਰ ਸੁਰੱਖਿਆ ਬਲਾਂ ਦੀ ਸਖਤੀ ਨੂੰ ਵੇਖ ਹਰਿਆਣਾ ਦੇ ਕਿਸਾਨ ਵੀ ਭੜਕ ਗਏ ਹਨ। ਅੱਜ ਹਰਿਆਣਾ ਦੇ ਕਿਸਾਨ ਵੱਡਾ ਐਕਸ਼ਨ ਕਰਨ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (ਬੀਕੇਯੂ ਚੜੂਨੀ) ਬੁੱਧਵਾਰ ਨੂੰ ਹਰਿਆਣਾ 'ਚ ਸੜਕਾਂ ਜਾਮ ਕਰੇਗੀ।


ਬੀਕੇਯੂ ਚੜੂਨੀ ਵੱਲੋਂ ਚੱਕਾ ਜਾਮ ਦਾ ਸੱਦਾ ਸ਼ੰਭੂ ਤੇ ਖਨੌਰੀ ਸਰਹੱਦ 'ਤੇ ਤਣਾਅਪੂਰਨ ਸਥਿਤੀ ਤੋਂ ਬਾਅਦ ਲਿਆ ਹੈ। ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਰੋਡ ਜਾਮ ਕੀਤੇ ਜਾਣਗੇ।


ਉਧਰ, ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਪਾਬੰਦੀ 23 ਫਰਵਰੀ ਦੀ ਅੱਧੀ ਰਾਤ 12 ਤੱਕ ਵਧਾ ਦਿੱਤੀ ਗਈ ਹੈ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ, ਹਿਸਾਰ, ਜੀਂਦ, ਫਤਿਹਾਬਾਦ, ਸਿਰਸਾ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਰਹੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।