Farmer Protest: ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ 2 ਦੇ 270 ਦਿਨ ਪੂਰੇ ਹੋਣ ਉੱਤੇ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰਾਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਪੰਜਾਬ ਅਤੇ ਦੇਸ਼ ਭਰ ਵਿੱਚ ਝੋਨੇ ਦੀ ਖਰੀਦ, ਲਿਫਟਿੰਗ ਅਤੇ DAP ਨੂੰ ਲੈ ਕੇ ਆ ਰਹੀ ਸਮੱਸਿਆ ਦੇ ਉੱਤੇ ਚਰਚਾ ਹੋਈ। ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਝੋਨੇ ਦੀ ਖਰੀਦ ਦੇ ਪ੍ਰਤੀ ਰਵਈਏ ਤੇ ਸਵਾਲ ਚੁੱਕੇ।
ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਨੂੰ ਲੈ ਕੇ ਚੁੱਕੇ ਸਵਾਲ
ਪਿਛਲੇ ਦਿਨੀ ਫਗਵਾੜਾ ਵਿਖੇ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਅਤੇ ਫੂਡ ਐਂਡ ਸਪਲਾਈ ਮੰਤਰੀ ਦੇ ਨਾਲ ਮੀਟਿੰਗ ਦਾ ਵੇਰਵਾ ਦਿੰਦੇ ਹੋਏ ਕਿਸਾਨ ਲੀਡਰਾਂ ਨੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਸਵਾਲ ਪੁੱਛੇ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ 10 ਨਵੰਬਰ ਤੱਕ ਝੋਨੇ ਦੀ ਖਰੀਦ, ਲਿਫਟਿੰਗ ਅਤੇ ਡੀਏਪੀ ਦਾ ਮਸਲੇ ਨੂੰ ਨਹੀਂ ਸੁਲਝਾਇਆ ਤਾਂ ਮਜ਼ਬੂਰਨ ਉਹਨਾਂ ਨੂੰ ਸਰਕਾਰ ਦੇ ਖਿਲਾਫ ਕੋਈ ਵੱਡਾ ਐਲਾਨ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਬਾਰ ਬਾਰ ਭਰੋਸੇ ਦੇਣ ਦੇ ਬਾਵਜੂਦ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ ਅਤੇ ਕਈ ਮੰਡੀਆਂ ਵਿੱਚੋਂ ਅੱਜ ਵੀ ਝੋਨੇ ਖਰੀਦ ਵਿੱਚ ਕਾਟ ਲੱਗਣ ਦੀਆਂ ਖਬਰਾਂ ਆ ਰਹੀਆਂ ਹਨ।
ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਵੀ ਲਿਆ ਲੰਬੇ ਹੱਥੀਂ
ਕਿਸਾਨ ਲੀਡਰਾਂ ਨੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕੀਤੇ ਉਹਨਾਂ ਆਖਿਆ ਕਿ ਮੱਧਿਆ ਪ੍ਰਦੇਸ਼ ਜਿੱਥੋਂ ਕਿ ਖੇਤੀਬਾੜੀ ਮੰਤਰੀ ਆਉਂਦੇ ਹਨ ਵਿੱਚ ਵੀ ਡੀਏਪੀ ਨੂੰ ਲੈ ਕੇ ਕਿਸਾਨਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਹਨ, ਇਹੀ ਹਾਲ ਹਰਿਆਣੇ ਅਤੇ ਯੂਪੀ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ।
ਕਿਸਾਨ ਲੀਡਰਾਂ ਨੇ ਪੰਜਾਬ ਵਿੱਚ ਡੀਏਪੀ ਦੀ ਜਮਾ ਖੋਰੀ ਅਤੇ ਬਲੈਕ ਨੂੰ ਰੋਕਣ ਲਈ ਆਪਣੀ ਬਲੋਕ ਅਤੇ ਜਿਲਾ ਲੈਵਲ ਦੇ ਸਾਥੀਆਂ ਨੂੰ ਮੁਸਤੈਦ ਰਹਿਣ ਨੂੰ ਵੀ ਕਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਜਮਾਖੌਰੀ ਅਤੇ ਕਾਲਾ ਬਜ਼ਾਰੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ਨੇ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਪਰਾਲੀ ਜਲਾਣ 'ਤੇ ਦੋ ਗੁਣਾ ਜੁਰਮਾਨਾ ਲਾਏ ਜਾਣ ਦੇ ਫੈਸਲੇ ਉੱਤੇ ਵੀ ਵਿਰੋਧ ਜ਼ਾਹਿਰ ਕੀਤਾ ਹੈ। ਅੱਗੇ ਦੇ ਐਕਸ਼ਨ ਪਲਾਨ ਨੂੰ ਲੈ ਕੇ ਕਿਸਾਨ ਮਜ਼ਦੂਰ ਮੋਰਚੇ ਨੇ 11 ਨਵੰਬਰ ਨੂੰ ਸ਼ੰਬੂ ਬਾਰਡਰ ਤੇ ਇੱਕ ਵੱਡੀ ਤੇ ਅਹਿਮ ਮੀਟਿੰਗ ਰੱਖੀ ਹੈ ਜਿਸ ਵਿੱਚ KMM ਦੇ ਦੇਸ਼ ਪੱਧਰ ਤੋਂ ਲੀਡਰ ਹਿੱਸਾ ਲੈਣਗੇ।