Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਅੱਜ ਪੂਰੀ ਤਰ੍ਹਾਂ ਬੰਦ ਹੋਣ ਜਾ ਰਿਹਾ ਹੈ। ਅੱਜ ਐਤਵਾਰ ਸਵੇਰੇ 11 ਵਜੇ ਕਿਸਾਨ ਜਥੇਬੰਦੀਆਂ ਇਸ ਟੋਲ ਦੇ ਕੈਬਿਨਾਂ ਨੂੰ ਤਾਲੇ ਲਾ ਦੇਣਗੀਆਂ। ਕਿਸਾਨਾਂ ਨੇ ਪਿਛਲੇ 15 ਦਿਨਾਂ ਤੋਂ ਟੋਲ ਪਲਾਜ਼ਾ ਜਾਮ ਕਰਕੇ ਰੱਖਿਆ ਹੋਇਆ ਹੈ। 6 ਲੱਖ ਤੋਂ ਵੱਧ ਡਰਾਈਵਰ ਟੈਕਸ ਅਦਾ ਕੀਤੇ ਬਿਨਾਂ ਇਸ ਤੋਂ ਲੰਘ ਚੁੱਕੇ ਹਨ। ਲੋਕਾਂ ਨੇ ਕਰੀਬ 16 ਕਰੋੜ ਰੁਪਏ ਦੀ ਬਚਤ ਕੀਤੀ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੋਲ ਦੇ ਰੇਟ ਸਭ ਤੋਂ ਵੱਧ ਹਨ। ਇਸ ਧਰਨੇ ਵਿੱਚ ਉਨ੍ਹਾਂ ਨੂੰ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਵੀ ਭਰਪੂਰ ਸਮਰਥਨ ਮਿਲਿਆ ਹੈ। ਕਈ ਟੈਕਸੀ ਡਰਾਈਵਰ ਵੀ ਪੂਰਾ ਸਹਿਯੋਗ ਦੇ ਰਹੇ ਹਨ।


ਆਮ ਆਦਮੀ ਤੋਂ ਲੈ ਕੇ ਵਪਾਰੀਆਂ ਤੱਕ ਹਰ ਕਿਸੇ ਨੂੰ ਭਾਰੀ ਟੈਕਸ ਦੇ ਕੇ ਇਸ ਟੋਲ ਤੋਂ ਲੰਘਣਾ ਪੈਂਦਾ ਸੀ। ਦਿਲਬਾਗ ਸਿੰਘ ਨੇ ਲੋਕਾਂ ਨੂੰ ਅੱਜ ਦੇ ਤਾਲਾਬੰਦੀ ਦੇ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਨੇੜਲੇ ਦਿਹਾਤੀ ਨਿਵਾਸੀਆਂ ਨੂੰ ਵੀ ਇਸ ਟੋਲ ਨੂੰ ਬੰਦ ਕਰਵਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।


ਦਿਲਬਾਗ ਸਿੰਘ ਨੇ ਕਿਹਾ ਕਿ ਉਹ ਕਈ ਵਾਰ ਟੋਲ ਅਧਿਕਾਰੀਆਂ ਅਤੇ ਐਨਐਚਏਆਈ ਨੂੰ ਇਸ ਟੋਲ ਦੀ ਸਮਾਂ ਸੀਮਾ ਦੱਸਣ ਲਈ ਕਹਿ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਜਵਾਬ ਨਹੀਂ ਦੇ ਰਿਹਾ। ਇਸ ਦਾ ਸਧਾਰਨ ਕਾਰਨ ਇਹ ਹੈ ਕਿ ਇਸ ਟੋਲ ਦੀ ਮਿਆਦ ਖਤਮ ਹੋ ਗਈ ਹੈ। ਲੋਕਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ। ਅੱਜ ਤਾਲਾ ਲਗਾ ਕੇ ਟੋਲ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਕਿਸਾਨਾਂ ਦੀ ਤਾਲਾਬੰਦੀ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਲਾਡੋਵਾਲ ਟੋਲ ਪਲਾਜ਼ਾ 'ਤੇ ਭਾਰੀ ਗਿਣਤੀ 'ਚ ਪੁਲਿਸ ਬਲ ਵੀ ਤਾਇਨਾਤ ਕੀਤਾ ਜਾਵੇਗਾ।


ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਇਸ ਟੋਲ ਪਲਾਜ਼ਾ ਦੇ ਰੇਟ ਘਟਾਉਣ ਲਈ ਸੰਘਰਸ਼ ਕਰ ਰਹੇ ਹਨ, ਉੱਥੇ ਹੀ ਕਿਸਾਨਾਂ ਨੇ ਇੱਥੇ ਧਰਨਾ ਲਾਇਆ ਹੋਇਆ ਹੈ ਅਤੇ ਜਿਸ ਕਰਕੇ ਇੱਥੋਂ ਲੰਘਣ ਵਾਲੇ ਕਈ ਲੋਕਾਂ ਦਾ ਟੈਕਸ ਵੀ ਬੱਚ ਰਿਹਾ ਹੈ। ਉੱਥੇ ਹੀ ਕਿਸਾਨ ਅੱਜ ਇਸ ਦੇ ਕੈਬਿਨਾਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰਨ ਜਾ ਰਹੇ ਹਨ।