ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਨੋਟਿਸ ਜਾਰੀ ਕਰਨ ਮਗਰੋਂ ਕਵੀ ਕੁਮਾਰ ਵਿਸ਼ਵਾਸ ਨੇ ਹਾਈਕੋਰਟ ਦਾ ਰੁਖ ਦਾ ਰੁਖ ਕੀਤਾ ਹੈ। ਉਨ੍ਹਾਂ ਨੇ ਐਫਆਈਆਰ ਰੱਦ ਕਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ ਉੱਪਰ ਕੱਲ੍ਹ ਸੁਣਵਾਈ ਹੋ ਸਕਦੀ ਹੈ। ਇਸ ਦੇ ਨਾਲ ਹੀ ਇਸੇ ਮਾਮਲੇ ਵਿੱਚ ਕਾਂਗਰਸੀ ਲੀਡਰ ਅਲਕਾ ਲਾਂਬਾ 27 ਅਪਰੈਲ ਨੂੰ ਥਾਣਾ ਸਦਰ ਰੂਪਨਗਰ ਵਿੱਚ ਪੇਸ਼ ਹੋਵੇਗੀ।



ਦੱਸ ਦਈਏ ਕਿ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਖਿਲਾਫ ਰੋਪੜ 'ਚ ਕੇਸ ਦਾਇਰ ਕੀਤਾ ਗਿਆ ਹੈ। ਇਨ੍ਹਾਂ ਉੱਪਰ ਇਲਜ਼ਾਮ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਬੰਧ ਖਾਲਿਸਤਾਨ ਪੱਖੀਆਂ ਨਾਲ ਹੋਣ ਦਾ ਦਾਅਵਾ ਕੀਤਾ ਗਿਆ ਸੀ। ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੁੱਧ ਕੇਸ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤਾ ਗਿਆ ਹੈ।

ਅਲਕਾ ਲਾਂਬਾ ਨੇ ਦਾਅਵਾ ਕਿ ਮੈਂ ਪੁਲਿਸ ਤੋਂ ਹੋਰ ਸਮਾਂ ਨਹੀਂ ਮੰਗਿਆ। ਉਹ ਥਾਣਾ ਸਦਰ ਰੂਪਨਗਰ ਵਿੱਚ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਪੰਜਾਬ ਵਿੱਚ ਬੈਠੇ ਰਾਜ ਸਭਾ ਮੈਂਬਰ ਤੇ ਅਰਵਿੰਦ ਕੇਜਰੀਵਾਲ ਦੇ ਮੋਹਰੇ ਪੁਲਿਸ ਨੂੰ ਸਾਰੀਆਂ ਹਦਾਇਤਾਂ ਜਾਰੀ ਕਰ ਰਹੇ ਹਨ। ਉਨ੍ਹਾਂ ਨੇ ਰਾਘਵ ਚੱਢਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਘੁੰਮ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਵਿੱਚ ਪੁਲਿਸ ਦਾ ਕੀ ਹਾਲ ਹੈ।

ਦੱਸ ਦਈਏ ਕਿ ਰੋਪੜ ਪੁਲਿਸ ਨੇ ਕੁਮਾਰ ਵਿਸ਼ਵਾਸ ਦੇ ਗਾਜ਼ੀਆਬਾਦ ਤੇ ਅਲਕਾ ਲਾਂਬਾ ਦੇ ਦਿੱਲੀ ਸਥਿਤ ਰਿਹਾਇਸ਼ 'ਤੇ ਨੋਟਿਸ ਸੌਂਪੇ ਸੀ। ਦੋਵਾਂ ਨੂੰ 26 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਪੁਲਿਸ (Punjab Police) ਦੀ ਇਸ ਕਾਰਵਾਈ 'ਤੇ ਸਿਆਸਤ ਵੀ ਗਰਮਾ ਗਈ ਹੈ।

ਨਵਜੋਤ ਸਿੰਘ ਸਿੱਧੂ ਨੇ ਦੋਵਾਂ ਆਗੂਆਂ ਨਾਲ ਰੋਪੜ ਥਾਣੇ ਜਾਣ ਦੀ ਗੱਲ ਵੀ ਕੀਤੀ। ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਵਿਰੋਧੀ ਧਿਰ ਨੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ। ਉਧਰ ਪੰਜਾਬ ਪੁਲਿਸ ਜਦੋਂ ਦੋਵੇਂ ਆਗੂਆਂ ਦੇ ਘਰ ਗਈ ਤਾਂ ਦੋਵਾਂ ਨੇ ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਟਵਿੱਟਰ ‘ਤੇ ਸ਼ੇਅਰ ਕੀਤੀਆਂ ਸੀ।