ਫ਼ਾਜ਼ਿਲਕਾ: ਫ਼ਾਜ਼ਿਲਕਾ ਦੇ ਥਾਣਿਆਂ ਵਿੱਚ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਵਿੱਚ ਬਰਾਮਦ ਕੀਤੇ ਰੇਤੇ ਦੀ ਬੋਲੀ ਹੋਈ। ਫ਼ਾਜ਼ਿਲਕਾ ਦੇ ਸਦਰ ਥਾਣੇ ਵਿੱਚ ਵੱਡੀ ਗਿਣਤੀ ਵਿੱਚ ਜਮ੍ਹਾ ਹੋਏ ਰੇਤੇ ਦੀ ਬੋਲੀ ਕਰ ਵਿਭਾਗ ਨੇ ਸਾਢੇ 10 ਰੁਪਏ ਦੇ ਹਿਸਾਬ ਨਾਲ ਰੇਤਾ ਵੇਚ ਦਿੱਤਾ। 


ਦੱਸ ਦਈਏ ਕਿ ਪੰਜਾਬ ਵਿੱਚ ਰੇਤੇ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਹਰ ਪਾਸੇ ਰੇਤਾ ਵੇਚਣਾ ਸ਼ੁਰੂ ਕਰਨ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ ਪਰ ਨਾ ਤਾਂ ਕਿਤੇ ਰੇਤਾ ਸ਼ੁਰੂ ਹੋਇਆ ਤੇ ਨਾ ਹੀ ਰੇਤੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਕੋਈ ਰੁਜ਼ਗਾਰ ਮਿਲਿਆ ਪਰ ਹੁਣ ਥਾਣਿਆਂ ਵਿੱਚ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਮਾਮਲੇ ਵਿੱਚ ਦਰਜ ਕੀਤੇ ਗਏ ਪਰਚਿਆਂ ਦੌਰਾਨ ਬਰਾਮਦ ਕੀਤੇ ਗਏ ਰੇਤੇ ਦੀ ਬੋਲੀ ਹੋ ਰਹੀ ਹੈ ਤੇ ਰੇਤਾ ਵੇਚਿਆ ਜਾ ਰਿਹਾ ਹੈ।


ਫ਼ਾਜ਼ਿਲਕਾ ਦੇ ਸਦਰ ਥਾਣੇ ਵਿੱਚ ਵੱਡੀ ਗਿਣਤੀ ਕੇਸਾਂ ਵਿੱਚ ਜਮ੍ਹਾ ਹੋਏ ਰੇਤੇ ਦੀ ਅੱਜ ਬੋਲੀ ਹੋਈ ਹੈ। ਸਰਕਾਰੀ ਰੇਟ 9 ਰੁਪਏ ਤੋਂ ਸ਼ੁਰੂ ਹੋਈ ਇਹ ਬੋਲੀ ਸਾਢੇ 10 ਰੁਪਏ ਤੇ ਜਾ ਕੇ ਖ਼ਤਮ ਹੋ ਗਈ ਤੇ ਸਾਢੇ 10 ਰੁਪਏ ਦੇ ਹਿਸਾਬ ਨਾਲ ਰੇਤਾ ਵੇਚ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਰੇਤਾ ਫ਼ਾਜ਼ਿਲਕਾ ਦੀ ਸਮਾਜ ਸੇਵੀ ਸੰਸਥਾਵਾਂ ਨੂੰ ਦਿੱਤਾ ਗਿਆ ਜਿਨ੍ਹਾਂ ਵੱਲੋਂ ਇਸ ਦਾ ਇਸਤੇਮਾਲ ਕੀਤਾ ਜਾਣਾ ਹੈ।



ਹਾਲਾਂਕਿ ਥਾਣੇ ਵਿੱਚ ਆਏ ਕੁਝ ਲੋਕਾਂ ਨੇ ਬੋਲੀ ਤੇ ਸਹਿਮਤੀ ਵੀ ਜਤਾਈ ਪਰ ਕੁਝ ਨਾਰਾਜ਼ ਵੀ ਨਜ਼ਰ ਆਏ। ਬੋਲੀ ਤੋਂ ਨਿਰਾਸ਼ ਹੋਏ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਸਹਿਮਤੀ ਨਾਲ ਸੰਸਥਾਵਾਂ ਨੂੰ ਵੱਡੀ ਗਿਣਤੀ ਵਿੱਚ ਰੇਤਾ ਦੇ ਦਿੱਤਾ ਤੇ ਸਸਤੇ ਭਾਅ ਤੇ ਵੇਚ ਦਿੱਤਾ, ਜਿਸ ਦੀ ਨਿਯਮਾਂ ਮੁਤਾਬਕ ਬੋਲੀ ਹੋਣੀ ਚਾਹੀਦੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਬਾਜ਼ਾਰ ਵਿੱਚ ਰੇਤਾ ਮਿਲ ਨਹੀਂ ਰਿਹਾ। ਜੇ ਮਿਲਦਾ ਹੈ ਤਾਂ ਉਹ ਵੀ ਮਹਿੰਗੇ ਭਾਅ ਤੇ ਮਿਲ ਰਿਹਾ ਹੈ ਪਰ ਕੌਡੀਆਂ ਦੇ ਭਾਅ ਪੁਲਿਸ ਨੇ ਰੇਤਾ ਸੰਸਥਾਵਾਂ ਨੂੰ ਦੇ ਦਿੱਤਾ।



ਹਾਲਾਂਕਿ ਇਸ ਮੌਕੇ ਪਹੁੰਚੇ ਜੋਗਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਚਾਰ ਮਹੀਨੇ ਤੋਂ ਉਹ ਬੇਰੁਜ਼ਗਾਰ ਹਨ। ਉਨ੍ਹਾਂ ਕੋਲ ਕੋਈ ਕਾਰੋਬਾਰ ਨਹੀਂ। ਉਨ੍ਹਾਂ ਦੇ ਟਰੈਕਟਰ ਵੀ ਲੋਨ ਤੇ ਹਨ ਜਿਨ੍ਹਾਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾ ਰਹੀਆਂ। ਹਾਲਾਤ ਇਹ ਹੋ ਗਏ ਨੇ ਕਿ ਹੁਣ ਉਨ੍ਹਾਂ ਦੇ ਬੱਚੇ ਭੁੱਖੇ ਮਰ ਰਹੇ ਹਨ।


ਇਸ ਬਾਰੇ ਵਿਭਾਗ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੋਲੀ ਕਰਵਾ ਕੇ ਹੀ ਰੇਤੇ ਨੂੰ ਵੇਚਿਆ ਗਿਆ ਹੈ। ਸਦਰ ਥਾਣਾ ਦੇ ਐਸਐਚਓ ਗੁਰਮੀਤ ਸਿੰਘ ਮੁਤਾਬਕ 2017 ਤੋਂ ਲੈ ਕੇ ਹੁਣ ਤਕ ਜਿੰਨੇ ਵੀ ਮਾਈਨਿੰਗ ਐਕਟ ਤਹਿਤ ਪਰਚੇ ਦਰਜ ਹੋਏ ਹਨ, ਉਸ ਵਿੱਚ ਕਾਫ਼ੀ ਤਾਦਾਦ ਵਿੱਚ ਰੇਤਾ ਮਾਲ ਮੁਕੱਦਮਾ ਵਿੱਚ ਪਿਆ ਸੀ। ਇਸ ਦੀ ਅੱਜ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਨਿਲਾਮੀ ਕੀਤੀ ਗਈ ਤੇ ਬੋਲੀ ਤਹਿਤ ਸਾਢੇ 10 ਰੁਪਏ ਦੇ ਹਿਸਾਬ ਨਾਲ ਰੇਤੇ ਨੂੰ ਵੇਚ ਦਿੱਤਾ ਗਿਆ।


ਉਨ੍ਹਾਂ ਦੱਸਿਆ ਕਿ ਕਰੀਬ 10 ਪਾਰਟੀਆਂ ਰੇਤਾ ਖਰੀਦਣ ਦੇ ਲਈ ਆਈਆਂ ਸਨ ਜਿਨ੍ਹਾਂ ਵਿੱਚੋਂ ਫਾਜ਼ਿਲਕਾ ਦੀ ਸਮਾਜਸੇਵੀ ਸੰਸਥਾ ਸ਼ਿਵਪੁਰੀ ਪ੍ਰਬੰਧਕ ਕਮੇਟੀ ਨੂੰ ਸਾਢੇ 10 ਰੁਪਏ ਦੇ ਹਿਸਾਬ ਨਾਲ ਇਹ ਸਾਰਾ ਰੇਤਾ ਵੇਚ ਦਿੱਤਾ ਗਿਆ। ਜਦਕਿ ਮਾਈਨਿੰਗ ਵਿਭਾਗ ਦੇ ਐਸਡੀਓ ਵਿਵੇਕ ਮੱਕੜ ਦੇ ਮੁਤਾਬਿਕ ਸਦਰ ਥਾਣੇ ਦਾ ਰੇਤਾ ਸ਼ਿਵਪੁਰੀ ਪ੍ਰਬੰਧਕ ਕਮੇਟੀ ਤੇ ਫ਼ਾਜ਼ਿਲਕਾ ਵਿੱਚ ਬਣ ਰਹੇ ਡੇਰਾ ਬਿਆਸ ਸਤਿਸੰਗ ਘਰ ਦੇ ਲਈ ਬੋਲੀ ਕਰਵਾ ਕੇ ਦਿੱਤਾ ਗਿਆ ਹੈ।