ਲਹਿਰਾਗਾਗਾ: ਗੁੱਡ ਲਰਨਿੰਗ ਸਾਫਟਵੇਅਰ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੁਰੂ ਕੀਤੇ ਗਏ ਵਿੱਦਿਆ ਦੇ ਪਸਾਰ ਲਈ ਤਕਨੀਕੀ ਪਲੇਟਫਾਰਮ ‘ਸ਼ਬਦ ਲੰਗਰ’ ਦਾ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸ਼ਾਇਰ ਸੁਰਜੀਤ ਪਾਤਰ ਨੇ ਇੱਥੇ ਸੀਬਾ ਸਕੂਲ ਲਹਿਰਾਗਾਗਾ ਵਿਖੇ ਕੀਤਾ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ ਸਣੇ ਕਈਆਂ ਨੇ ਸੰਬੋਧਨ ਕਰਦਿਆਂ ਇਸ ਤਕਨੀਕ ਨਾਲ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਕਦਮ ਨੂੰ ਮੀਲ ਪੱਥਰ ਦੱਸਿਆ।


ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ‘ਸ਼ਬਦ ਲੰਗਰ’ ਦਾ ਪ੍ਰਸਾਰ ਬੇਹੱਦ ਜ਼ਰੂਰੀ ਹੈ, ਸਿੱਖ ਕੌਮ ਲੰਗਰ ਛਕਾਉਂਦਿਆਂ ਕੋਈ ਆਪਣਾ ਪਰਾਇਆ ਨਹੀਂ ਵੇਖਦੀ। ਗੁਰੂ ਸਾਹਿਬਾਨ ਸਮੇਂ ਯੁੱਧਾਂ ਦੌਰਾਨ ਮੁਗਲ ਵੀ ਲੰਗਰ ਛਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨਾ ਪਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ‘ਸ਼ਬਦ ਲੰਗਰ’ ਨਾਲ ਸਿੱਖਿਆ ਕਾਰਪੋਰੇਟ ਤੇ ਨਿੱਜੀ ਹੱਥਾਂ ਵਿੱਚ ਜਾਣ ਦੀ ਬਜਾਏ ਆਮ ਆਦਮੀ ਦੀ ਪਹੁੰਚ ਵਿਚ ਹੋਵੇਗੀ। ਸਿੱਖਿਆ ਜੋ ਸੇਵਾ ਹੋਣੀ ਚਾਹੀਦੀ ਸੀ ਪਰ ਵਪਾਰ ਬਣ ਗਈ ਹੈ।


ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਸ਼ੀਨੀਕਰਨ ਨੇ ਮਨੁੱਖ ਨੂੰ ਸੰਵੇਦਨਾਹੀਣ ਮਾਡਲ ਦਿੱਤਾ ਹੈ। ‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ-ਨਰੋਈ ਸੋਚ ਪ੍ਰਦਾਨ ਕਰੇਗਾ ਤੇ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕਾਂ ਦੀ ਪੂਰਤੀ ਲਈ ਯੋਗਦਾਨ ਪਾਵੇਗਾ। ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਿੱਚ ਆਨਲਾਈਨ ਪੜ੍ਹਾਈ ਰਾਹੀਂ ਨੌਜਵਾਨਾਂ ਨੂੰ ਇਸ ਸਮੇਂ ਦੇ ਹਾਣੀ ਬਣਾਉਣ ਦਾ ਯਤਨ ਹੈ।


ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਰੁਜ਼ਗਾਰ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਰੁਜ਼ਗਾਰ ਪ੍ਰਾਪਤੀ ਨਾ ਹੋਣ ਕਾਰਨ ਹੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ‘ਸ਼ਬਦ ਲੰਗਰ’ ਨੂੰ ਪੱਛੜੇ ਇਲਾਕੇ ਲਹਿਰਾਗਾਗਾ ਤੋਂ ਸ਼ੁਰੂ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਮਿਆਰੀ ਤੇ ਸਿਰਜਣਾਤਮਕ ਸਿੱਖਿਆ ਪ੍ਰਦਾਨ ਕਰਵਾਉਣਾ ਹੈ।


ਇਹ ਵੀ ਪੜ੍ਹੋ: Farmers Protest: ਜੰਤਰ ਮੰਤਰ ’ਤੇ ਕਿਸਾਨਾਂ ਦੀ ਸੰਸਦ ਨਾਲ ਦਿੱਲੀ 'ਚ ਹਿੱਲਜੁੱਲ, ਵਿਰੋਧੀ ਧਿਰਾਂ ਤੇ ਸਰਕਾਰ ਵੀ ਐਕਸ਼ਨ ਮੋਡ 'ਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904