ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਜਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਸੂਤਰਾਂ ਮੁਤਾਬਕ ਪੁਲਿਸ ਉਸ ਨੂੰ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ। ਬਿਸ਼ਨੋਈ ਇਸ ਵੇਲੇ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਨੰਬਰ ਅੱਠ ਵਿੱਚ ਬੰਦ ਹੈ।


ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ ਐਫਆਈਆਰ ਵਿਚ ਕਿਹਾ ਹੈ ਕਿ ਉਸ ਦੇ ਲੜਕੇ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਫਿਰੌਤੀ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ। ਉਧਰ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੈਂਗਸਟਰਾਂ ਕਾਲਾ ਜਠੇੜੀ ਤੇ ਕਾਲਾ ਰਾਣਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੇ ਹੋਏ ਹਨ ਜੋ ਇੱਥੇ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਤੋਂ ਇਲਾਵਾ ਪੰਜਾਬ ਪੁਲੀਸ ਨੇ ਦੱਸਿਆ ਹੈ ਕਿ ਹਮਲਾਵਰਾਂ ਨੇ ਆਪਣੀ ਬੋਲੈਰੋ ਜੀਪ ’ਤੇ ਸਕਾਰਪੀਓ ਦੀ ਨੰਬਰ ਪਲੇਟ ਲਾਈ ਹੋਈ ਸੀ। ਸਕਾਰਪੀਓ ਦਾ ਮਾਲਕ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ।


ਉਧਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲੇ ਕਤਲ ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਲਈ ਤਿਆਰ ਹੈ। ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਏ।


ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਤਲ 'ਤੇ ਹੰਗਾਮਾ-ਦਿੱਲੀ 'ਚ ਕੇਜਰੀਵਾਲ ਦੇ ਘਰ ਦਾ ਘੇਰਾਓ, ਚੰਡੀਗੜ੍ਹ 'ਚ ਕਾਂਗਰਸ ਦਾ ਜ਼ਬਰਦਸਤ ਪ੍ਰਦਰਸ਼ਨ