Punjab News: ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਬਦਲ ਕਰਕੇ ਜਾਅਲੀ ਜਮਾਂਬੰਦੀਆਂ ਦੇ ਅਧਾਰ ਉਪਰ ਐਚ.ਡੀ.ਐਫ.ਸੀ ਬੈਂਕ ਤੋਂ 40 ਲੱਖ ਰੁਪਏ ਦਾ ਖੇਤੀਬਾੜੀ ਹੱਦ ਕਰਜ਼ਾ ਹਾਸਲ ਕਰਨ ਖ਼ਿਲਫ਼ ਸੱਤ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਉਨ੍ਹਾਂ ਮੁਲਜ਼ਮਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਨਵਦੀਪ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਵਿਨੋਦ ਕੁਮਾਰ ਤੇ ਅਮਰਜੀਤ ਸਿੰਘ, ਦੋਵੇਂ ਮਾਲ ਪਟਵਾਰੀ, ਹਲਕਾ ਬਹਾਦਰ ਕੇ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਜੋਗਿੰਦਰ ਸਿੰਘ ਉਰਫ ਬਿੱਟੂ, ਸਹਾਇਕ ਮਾਲ ਪਟਵਾਰੀ, ਪਰਮਿੰਦਰ ਸਿੰਘ, ਏ.ਐਸ.ਐਮ. ਫਰਦ ਕੇਂਦਰ ਗੁਰੂਹਰਸਹਾਏ, ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ, ਜਾਮਨ ਦਵਿੰਦਰ ਸਿੰਘ ਪੁੱਤਰ ਪਿੰਡ ਕੋਹਰ ਸਿੰਘ ਵਾਲਾ, ਜਿਲ੍ਹਾ ਫਿਰੋਜਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨਾਂ ਮੁਲਜ਼ਮਾਂ ਵਿੱਚੋਂ ਜੋਗਿੰਦਰ ਸਿੰਘ ਉਰਫ ਬਿੱਟੂ, ਅਮਰਜੀਤ ਸਿੰਘ ਮਾਲ ਪਟਵਾਰੀ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮਾ ਸ਼ਿਕਾਇਤ ਨੰਬਰ 89/19 ਫਿਰੋਜਪੁਰ ਦੀ ਪੜਤਾਲ ਤੋ ਬਾਅਦ ਦਰਜ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਨਵਦੀਪ ਸਿੰਘ, ਵਿਨੋਦ ਕੁਮਾਰ ਮਾਲ ਪਟਵਾਰੀ, ਜੋਗਿੰਦਰ ਸਿੰਘ ਉਰਫ ਬਿੱਟੂ ਅਤੇ ਪਰਮਿੰਦਰ ਸਿੰਘ ਏ.ਐਸ.ਐਮ. ਨੇ ਆਪਸ ਵਿੱਚ ਸਾਜ-ਬਾਜ ਹੋ ਕੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਫਰਜੀ ਜਮਾਂਬੰਦੀਆਂ ਤਿਆਰ ਕੀਤੀਆਂ ਜਿਸ ਦੇ ਅਧਾਰ ਉੱਤੇ ਸਾਲ 2016 ਵਿੱਚ ਨਵਦੀਪ ਸਿੰਘ ਦੇ ਨਾਮ ਉਪਰ ਐਚ.ਡੀ.ਐਫ.ਸੀ. ਬੈਂਕ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ 40 ਲੱਖ ਰੁਪਏ ਦੇ ਕਰਜ਼ੇ ਦੀ ਲਿਮਟ ਹਾਸਲ ਕਰ ਲਈ।
ਬੁਲਾਰੇ ਨੇ ਦੱਸਿਆ ਕਿ ਬਾਅਦ ਵਿੱਚ ਇਸ ਘਪਲੇਬਾਜੀ ਸਬੰਧੀ ਪਤਾ ਲੱਗਣ ਤੇ ਬੈਂਕ ਤੋਂ ਇਹ ਹਾਸਲ ਕੀਤੀ ਰਕਮ 40 ਲੱਖ ਰੁਪਏ ਸਾਲ 2019 ਵਿੱਚ ਜਮਾ ਕਰਵਾ ਦਿੱਤੀ। ਇਸੇ ਤਰਾਂ ਇੱਕ ਹੋਰ ਜੁਰਮ ਕਰਦਿਆਂ ਨਵਦੀਪ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਕੇਨਰਾ ਬੈਂਕ ਫਰੀਦਕੋਟ ਤੋਂ ਕਰਜ਼ਾ ਲੈਣ ਲਈ ਸਾਲ 2016 ਵਿੱਚ ਬੈਂਕ ਨੂੰ ਦਰਖਾਸਤ ਦਿੱਤੀ ਪਰ ਇਸ ਕਰਜ਼ੇ ਮੌਕੇ ਐਚ.ਡੀ.ਐਫ.ਸੀ. ਬੈਂਕ ਗੁਰੂਹਰਸਹਾਏ ਦੇ ਪਾਸ ਆੜ-ਰਹਿਣ ਦਿਖਾਏ ਹੋਏ ਜਮੀਨ ਦੇ ਖਸਰਾ ਨੰਬਰਾਂ ਦੇ ਆਧਾਰ ਦੇ ਕੇਸ ਅਪਲਾਈ ਕੀਤਾ ਪ੍ਰੰਤੂ ਸੁਰਿੰਦਰ ਕੁਮਾਰ ਕੇਨਰਾ ਬੈਂਕ ਫਰੀਦਕੋਟ ਵੱਲੋਂ ਇਸ ਕਰਜਾ ਮੰਨਜੂਰ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਉਕਤ ਮੁਲਜ਼ਮ ਜੋਗਿੰਦਰ ਸਿੰਘ ਉਰਫ ਬਿੱਟੂ ਵੱਲੋਂ ਆਪਣੇ ਨਾਮ ਉਪਰ 122 ਕਨਾਲ 13 ਮਰਲੇ ਦੀ ਜਾਅਲੀ ਜਮਾਂਬੰਦੀ ਤਿਆਰ ਕਰਕੇ ਐਕਸਿਸ ਬੈਂਕ ਜਲਾਲਾਬਾਦ ਜਿਲ੍ਹਾ ਫਾਜਿਲਕਾ ਤੋਂ 32 ਲੱਖ ਰੁਪਏ ਦੀ ਲੋਨ ਲਿਮਟ ਹਾਸਲ ਕਰਨ ਲਈ ਕੇਸ ਲਗਾਇਆ ਸੀ ਪਰ ਬੈਂਕ ਵੱਲੋ ਫਿਜੀਕਲ ਵੈਰੀਫਿਕੇਸ਼ਨ ਮੌਕੇ ਜਾਅਲੀ ਜਮਾਂਬੰਦੀਆਂ ਬਾਰੇ ਪਤਾ ਲੱਗਣ ਪਰ ਇਹ ਹੱਦ ਕਰਜ਼ਾ ਪਾਸ ਨਹੀਂ ਕੀਤਾ ਗਿਆ। ਉਪਰੰਤ ਵਿਨੋਦ ਕੁਮਾਰ ਪਟਵਾਰੀ ਦੀ ਬਦਲੀ ਹੋਣ ਉੱਤੇ ਅਮਰਜੀਤ ਸਿੰਘ ਪਟਵਾਰੀ ਨੇ ਉਕਤ ਚਾਰੋਂ ਵਿਅਕਤੀਆਂ ਵਿਨੋਦ ਕੁਮਾਰ ਪਟਵਾਰੀ, ਜੋਗਿੰਦਰ ਸਿੰਘ ਪ੍ਰਾਈਵੇਟ ਸਹਾਇਕ ਪਟਵਾਰੀ, ਪਰਮਿੰਦਰ ਸਿੰਘ ਏ.ਐਸ.ਐਮ. ਵੱਲੋਂ ਤਿਆਰ ਕੀਤੀਆਂ ਜਾਅਲੀ ਜਮਾਂਬੰਦੀਆਂ ਤੇ ਦਸਤਾਵੇਜਾਂ ਦਾ ਪਤਾ ਲੱਗਣ ਉਪਰੰਤ ਵੀ ਕਿਸੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ ਉਨ੍ਹਾਂ ਜਾਅਲੀ ਜਮਾਂਬੰਦੀਆਂ ਦੇ ਇੰਦਰਾਜਾਂ ਦੀ ਦਰੁਸਤਗੀ ਸਬੰਧੀ ਰਪਟ ਫਰਦ-ਬਦਰ ਤਿਆਰ ਕਰਕੇ ਹਲਕਾ ਕਾਨੂੰਨਗੋ ਅਤੇ ਤਹਿਸੀਲਦਾਰ ਗੁਰੂਹਰਸਹਾਏ ਪਾਸੋਂ ਮੰਨਜੂਰ ਕਰਵਾਈਆਂ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ ਨੇ ਜਾਅਲੀ ਜਮਾਂਬੰਦੀਆਂ ਵਾਲੀ ਜਮੀਨ ਦੀ ਫਿਜੀਕਲ ਤਸਦੀਕ ਕਰਕੇ ਖੇਤੀਬਾੜੀ ਹੱਦ ਕਰਜ਼ਾ ਲਿਮਿਟ ਹਾਸਲ ਕਰਨ ਵਿੱਚ ਮੁਲਜ਼ਮਾਂ ਦੀ ਮੱਦਦ ਕੀਤੀ। ਇਸੇ ਤਰਾਂ ਜਾਮਨ (ਗਾਰੰਟਰ) ਦਵਿੰਦਰ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਨਵਦੀਪ ਸਿੰਘ ਦੀ ਬੈਂਕ ਦੇ ਦਸਤਾਵੇਜਾਂ ਉਪਰ ਝੂਠੀ ਗਰੰਟੀ/ਗਵਾਹੀ ਪਾਈ।
ਬੁਲਾਰੇ ਨੇ ਕਿਹਾ ਕਿ ਅਜਿਹਾ ਕਰਕੇ ਉਕਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13 (1) (ਏ), 13 (2) ਅਤੇ ਆਈ.ਪੀ.ਸੀ. ਦੀ ਧਾਰਾ 409, 420, 465, 466, 467, 471, 120-ਬੀ ਬਿਓਰੋ ਦੇ ਥਾਣਾ ਫਿਰੋਜਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।