Lok Sabha Election 2024: ਸਿਆਸਤ ਵਿੱਚ ਔਰਤਾਂ ਦੀ ਸ਼ਮੂਲੀਅਤ ਅਜੇ ਵੀ ਨਾਮਾਤਰ ਹੈ ਪਰ ਦੂਜੇ ਪਾਸੇ ਇਹ ਵੀ ਸੱਚਾਈ ਹੈ ਕਿ ਜੇਕਰ ਔਰਤਾਂ ਇੱਕਜੁੱਟ ਹੋ ਜਾਣ ਤਾਂ ਇਕੱਲਿਆਂ ਹੀ ਕਿਸੇ ਵੀ ਸਰਕਾਰ ਦਾ ਤਖਤਾ ਪਲਟ ਸਕਦੀਆਂ ਹਨ। ਜੀ ਹਾਂ, ਪੰਜਾਬ ਦੀਆਂ ਵੋਟਰਾਂ ਸੂਚੀਆਂ ਉਪਰ ਨਜ਼ਰ ਮਾਰੀਏ ਤਾਂ ਤਕਰੀਬਨ 50 ਫੀਸਦੀ ਮਹਿਲਾ ਵੋਟਰ ਹਨ। ਜੇਕਰ ਮਹਿਲਾਵਾਂ ਸਿਰਫ ਆਪਣੇ ਹੀ ਮੁੱਦਿਆਂ ਨੂੰ ਲੈ ਕੇ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ਵਿੱਚ ਭੁਗਤ ਜਾਣ ਤਾਂ ਚੋਣ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ।



ਦੱਸ ਦਈਏ ਕਿ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰੀਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ 14 ਲੱਖ 21 ਹਜ਼ਾਰ 555 ਵੋਟਰ ਕਰਨਗੇ। ਇਸ ਵਿੱਚ 1 ਕਰੋੜ 12 ਲੱਖ 67 ਹਜ਼ਾਰ 19 ਮਰਦ ਵੋਟਰ ਤੇ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਤੇ 769 ਹੋਰ ਵੋਟਰ ਹਨ। ਹਾਲਾਂਕਿ ਚੋਣ ਵਿਭਾਗ ਵੱਲੋਂ ਵੋਟਰਾਂ ਦੀ ਫਾਈਨਲ ਸੂਚੀ 14 ਮਈ ਤੋਂ ਬਾਅਦ ਜਾਰੀ ਕੀਤੀ ਜਾਵੇਗੀ।



ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ 5 ਲੱਖ 28 ਹਜ਼ਾਰ 864 ਵੋਟਰ ਪਹਿਲੀ ਵਾਰ ਵੋਟ ਪਾਉਣਗੇ। ਇਸ ਵਿੱਚ 3 ਲੱਖ 16 ਹਜ਼ਾਰ 670 ਲੜਕੇ ਤੇ 2 ਲੱਖ 12 ਹਜ਼ਾਰ 178 ਕੁੜੀਆਂ ਅਤੇ 16 ਹੋਰ ਵੋਟਰ ਹਨ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 832 ਵੋਟਰ 85 ਸਾਲ ਤੋਂ ਜ਼ਿਆਦਾ ਉਮਰ ਦੇ ਹਨ, ਜਿਨ੍ਹਾਂ ਵਿਚ 88,169 ਮਰਦ, 1,01,661 ਮਹਿਲਾਵਾਂ ਅਤੇ 2 ਹੋਰ ਵੋਟਰ ਹਨ। 


ਉਨ੍ਹਾਂ ਕਿਹਾ ਕਿ 13 ਲੋਕ ਸਭਾ ਸੀਟਾਂ ਲਈ ਕੁੱਲ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਵਿੱਚੋਂ 16,517 ਪਿੰਡਾਂ ਅਤੇ 7,934 ਸ਼ਹਿਰਾਂ ਵਿਚ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਦੀ ਪੂਰਤੀ ਲਈ ਪੋਲਿੰਗ ਬੂਥਾਂ ਉੱਤੇ ਵੋਟਰਾਂ ਦੀ ਸਹੂਲਤ ਲਈ ਸਾਰੇ ਬੰਦੋਬਸਤ ਕੀਤੇ ਜਾ ਰਹੇ ਹਨ। 


ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ’ਚ 16 ਲੱਖ 3 ਹਜ਼ਾਰ 628 , ਅੰਮ੍ਰਿਤਸਰ ’ਚ 16 ਲੱਖ 8 ਹਜ਼ਾਰ 391, ਖਡੂਰ ਸਾਹਿਬ ’ਚ 16 ਲੱਖ 64 ਹਜ਼ਾਰ 199, ਜਲੰਧਰ ’ਚ 16 ਲੱਖ 50 ਹਜ਼ਾਰ 849, ਹੁਸ਼ਿਆਰਪੁਰ ਵਿੱਚ 16 ਲੱਖ 43 ਅਤੇ ਆਨੰਦਪੁਰ ਸਾਹਿਬ ਵਿਖੇ 17 ਲੱਖ 27 ਹਜ਼ਾਰ 844 ਵੋਟਰ ਹਨ। ਲੁਧਿਆਣਾ ਵਿੱਚ 17 ਲੱਖ 54 ਹਜ਼ਾਰ 11, ਫਤਿਹਗੜ੍ਹ ਸਾਹਿਬ ਵਿੱਚ 15 ਲੱਖ 50 ਹਜ਼ਾਰ 734 ਵੋਟਰ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।