ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਵਿੱਚ ਦੋਸ਼ੀਆਂ ਨੂੰ ਸਜ਼ਾ ਨਾ ਦਵਾ ਸਕਣ ਕਰਕੇ ਕੈਪਟਨ ਸਰਕਾਰ ਬੁਰੀ ਤਰ੍ਹਾਂ ਘਿਰ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ ਵਿਰੋਧੀਆਂ ਦੇ ਨਾਲ-ਨਾਲ ਕਾਂਗਰਸ ਦੇ ਅੰਦਰੋਂ ਵੀ ਸਰਕਾਰ ਖਿਲਾਫ ਆਵਾਜ਼ ਉੱਠਣ ਲੱਗੀ ਹੈ। ਪਹਿਲਾਂ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਬੁਰਜ ਜਵਾਹਰ ਸਿੰਘ ਵਾਲੇ ਪਹੁੰਚ ਕੇ ਝੰਡਾ ਚੁੱਕਿਆ ਤੇ ਹੁਣ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਵਾਲ ਉੱਠਾਏ ਹਨ।


ਰਵਨੀਤ ਬਿੱਟੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਕੈਪਟਨ ਸਰਕਾਰ ਕਸੂਤੀ ਘਿਰ ਗਈ ਹੈ। ਬਿੱਟੂ ਨੇ ਵੀਡੀਓ ਵਿੱਚ ਸਪਸ਼ਟ ਕਿਹਾ ਹੈ ਕਿ ‘ਕੈਪਟਨ ਸਾਬ੍ਹ! ਛੇ ਮਹੀਨੇ ਰਹਿ ਗਏ, ਹੁਣ ਤਾਂ ਕੁਝ ਕਰ ਲਓ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ।’ ਵੀਡੀਓ ਵਾਇਰਲ ਹੋਣ ਮਗਰੋਂ ਸੋਸ਼ਲ ਮੀਡੀਆ ਉੱਪਰ ਲੋਕ ਕੈਪਟਨ ਸਰਕਾਰ ਖਿਲਾਫ ਖੂਬ ਭੜਾਸ ਕੱਢ ਰਹੇ ਹਨ।


ਦੱਸ ਦਈਏ ਕਿ ਵਿਸਾਖੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਸਬੰਧੀ ਫੇਸਬੁੱਕ ’ਤੇ ਲਾਈਵ ਹੋ ਕੇ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ’ਤੇ ਸਵਾਲ ਚੁੱਕੇ ਸਨ।ਹੁਣ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਫੇਸਬੁੱਕ ’ਤੇ ਕਰੀਬ 21 ਮਿੰਟ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਲਾਂ-ਗੱਲਾਂ ਵਿੱਚ ਵੱਡੇ ਸਵਾਲ ਕੀਤੇ।


ਬਿੱਟੂ ਨੇ ਕਿਹਾ ਕਿ ਕੈਪਟਨ ਸਾਬ੍ਹ ਹੁਣ ਵੀ ਕੁਝ ਕਰ ਲਓ, ਨਹੀਂ ਤਾਂ ਪਿੱਛੇ ਰਹਿ ਜਾਵਾਂਗੇ। ਬਿੱਟੂ ਨੇ ਵੀਡੀਓ ਦੀ ਸ਼ੁਰੂਆਤ ਵਿੱਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਅੱਜ ਵੀ ਉਨ੍ਹਾਂ ਨੂੰ ਭਰੋਸਾ ਹੈ ਕਿ ਬੇਅਦਬੀ ਕਾਂਡ ਵਿੱਚ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕੈਪਟਨ ਦੇ ਪਰਿਵਾਰ ਨੇ ਪੰਥ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਸਾਰੇ ਜਾਣਦੇ ਹਨ।


ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਇਸ ਮਾਮਲੇ ’ਚ ਕੁਝ ਵੀ ਕਰ ਸਕਦੀ ਹੈ। ਜੇਕਰ ਸਰਕਾਰ ਨੇ ਕੋਈ ਵੱਡਾ ਕਦਮ ਨਾ ਚੁੱਕਿਆ ਤਾਂ ਉਨ੍ਹਾਂ ਨੂੰ ਵੀ ਉਸੇ ਕਟਿਹਰੇ ’ਚ ਖੜ੍ਹੇ ਹੋਣਾ ਪਵੇਗਾ, ਜਿੱਥੇ ਬਾਦਲ ਪਰਿਵਾਰ ਨੂੰ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਚੋਣਾਂ ਨੂੰ 6 ਮਹੀਨੇ ਰਹਿ ਗਏ, ਇਸ ਲਈ ਸਖ਼ਤ ਕਦਮ ਚੁੱਕ ਕੇ ਬਾਦਲ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ।


ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ’ਚ ਅਫ਼ਸਰ ਲੌਬੀ ਅੱਜ ਵੀ ਬਾਦਲ ਪਰਿਵਾਰ ਦੇ ਨਾਲ ਹੈ। ਉਹ ਕਦੇ ਸਰਕਾਰ ਨੂੰ ਸਹੀ ਸਲਾਹ ਨਹੀਂ ਦੇਵੇਗੀ। ਇਹ ਪੰਜਾਬ ਹੈ ਤੇ ਧਰਮ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜੇਕਰ ਹੁਣ ਵੀ ਕਾਰਵਾਈ ਨਹੀਂ ਕੀਤੀ ਤਾਂ ਚੋਣਾਂ ’ਚ ਲੋਕ ਪਿੰਡਾਂ ’ਚ ਦਾਖ਼ਲ ਨਹੀਂ ਹੋਣ ਦੇਣਗੇ।


ਇਹ ਵੀ ਪੜ੍ਹੋ: Harsimrat Kaur Corona Positive: ਅਕਾਲੀ ਨੇਤਾ ਹਰਸਿਮਰਤ ਕੌਰ ਕੋਰੋਨਾ ਪੌਜ਼ੇਟਿਵ, ਸੰਪਰਕ 'ਚ ਆਏ ਲੋਕਾਂ ਨੂੰ ਜਾਂਚ ਕਰਵਾਉਣ ਦੀ ਕੀਤੀ ਅਪੀਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904