ਗਗਨਦੀਪ ਸ਼ਰਮਾ, ਅੰਮ੍ਰਿਤਸਰ : ਲੁਧਿਆਣਾ ਬੰਬ ਬਲਾਸਟ ਮਾਮਲੇ 'ਚ ਮੁੱਖ ਸਾਜਿਸ਼ਕਰਤਾ ਹਰਪ੍ਰੀਤ ਸਿੰਘ ਨੂੰ ਅੇੈਨਆਈਏ ਨੇ 10 ਲੱਖ ਦਾ ਇਨਾਮੀ ਫਰਾਰ ਮੁਲਜ਼ਮ ਅੇੈਲਾਨ ਦਿੱਤਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਜਾਰੀ ਨੋਟਿਸ ਮੁਤਾਬਕ ਹਰਪ੍ਰੀਤ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਮਿਆਦੀ ਕਲਾ, ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਜੋ ਇਸ ਵੇਲੇ ਮਲੇਸ਼ੀਆ 'ਚ ਰਹਿ ਰਿਹਾ ਹੈ, ਦੀ ਸੂਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦਾ ਅੇੈਲਾਨ ਕੀਤਾ ਹੈ। 

 

ਲੁਧਿਆਣਾ ਦੀ ਅਦਾਲਤ 'ਚ ਹੋਏ ਬੰਬ ਧਮਾਕੇ ਦਾ ਮਾਸਟਰ ਮਾਈਂਡ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਸੁਰੱਖਿਆ ਏਜੰਸੀਆ ਨੂੰ ਝਕਾਨੀਆਂ ਦੇ ਰਿਹਾ ਹੈ। ਅੇੈਨਆਈਏ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਵੀ ਕੀਤੀ ਤੇ ਦੱਸਿਆ ਕਿ ਆਈਅੇੈਸਆਈ ਦੇ ਕਹਿਣੇ ਦੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਹਰਪ੍ਰੀਤ ਕਾਫੀ ਸਮੇਂ ਤੋਂ ਸਰਗਰਮ ਹੈ। ਹਾਲ ਹੀ ਅੇੈਸਟੀਅੇੈਫ ਬਾਰਡਰ ਰੇਂਜ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਤੇ ਜਨਵਰੀ ਮਹੀਨੇ 'ਚ ਫੜੀ ਆਈਈਡੀ, ਜੋ ਸਰਹੱਦੀ ਰਸਤੇ ਪਾਕਿਸਤਾਨ ਤੋਂ ਭਾਰਤ ਪੁੱਜੀ ਸੀ, ਦੇ ਮਾਮਲੇ 'ਚ ਹਰਪ੍ਰੀਤ ਸਿੰਘ ਦਾ ਨਾਮ ਆਇਆ ਸੀ। 

 

ਜਦਕਿ ਹੈਰੋਇਨ ਦੀ ਡਲਿਵਰੀ ਦੇਣ ਵਾਲੇ ਅੱਲਾ ਬਖਸ਼ ਪਿੰਡ ਦੇ ਇਕ ਸਖਸ਼ (ਪਾਂਧੀ) ਨੇ ਹੀ ਅੇੈਸਟੀਅੇੈਫ ਕੋਲ ਖੁਲਾਸਾ ਕੀਤਾ ਸੀ ਕਿ ਲੁਧਿਆਣਾ ਬੰਬ ਧਮਾਕੇ 'ਚ ਵਰਤੀ ਆਈਈਡੀ ਦੀ ਖੇਪ ਵੀ ਉਸ ਨੇ ਹੀ ਚੁੱਕ ਕੇ ਲੁਧਿਆਣੇ ਪਹੁੰਚਾਈ ਸੀ ਤੇ ਉਕਤ ਸਖਸ਼ ਦੀ ਪੁੱਛਗਿੱਛ ਤੋਂ ਬਾਅਦ ਤਿੰਨ ਮੁਲਜਮਾਂ ਨੂੰ ਜਦ ਅੇੈਸਟੀਅੇੈਫ ਨੇ ਗ੍ਰਿਫਤਾਰ ਕੀਤਾ ਤਾਂ ਤਿੰਨਾਂ ਨੇ ਹਰਪ੍ਰੀਤ ਸਿੰਘ ਦੇ ਨਾਮ ਦਾ ਖੁਲਾਸਾ ਕੀਤਾ ,ਜੋ ਹੈਰੋਇਨ ਭਾਰਤ 'ਚ ਭੇਜਦਾ ਹੈ ਤੇ ਉਸਦੀ ਕਾਲੀ ਕਮਾਈ ਨੂੰ ਭਾਰਤ ਵਿਰੋਧੀ ਗਤੀਵਿਧੀਆਂ 'ਚ ਇਸਤੇਮਾਲ ਕਰਦਾ ਸੀ। ਅੇੈਸਟੀਅੇੈਫ ਤੇ ਅੇੈਨਆਈਏ ਆਪੋ ਆਪਣੇ ਪੱਧਰ 'ਤੇ ਹਰਪ੍ਰੀਤ ਦੀ ਖੋਜ ਖ਼ਬਰ ਜੁਟਾਉਣ 'ਚ ਲੱਗੀਆਂ ਹਨ।

 

ਦੱਸ ਦੇਈਏ ਕਿ ਲੁਧਿਆਣਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਣੇ ਟਾਇਲਟ 'ਚ ਇਹ ਧਮਾਕਾ ਹੋਇਆ ਸੀ। ਉਸ ਸਮੇਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੈਂਪਸ ਦੀ ਇੱਕ ਕੰਧ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ ਵਿੱਚ ਖੜੀਆਂ ਕੁਝ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। NIA ਅਤੇ NSG ਦੀ ਟੀਮ ਇਸ ਧਮਾਕੇ ਦੀ ਅੱਤਵਾਦੀ ਅਤੇ ਵਿਦੇਸ਼ੀ ਸਾਜ਼ਿਸ਼ ਦੇ ਕੋਣ ਤੋਂ ਜਾਂਚ ਕਰ ਰਹੀ ਹੈ।